ਜ਼ਮੀਨੀ ਵਿਵਾਦ ’ਚ ਸਾਬਕਾ ਫੌਜੀ ਪੈਟਰੋਲ ਲੈ ਕੇ ਟੈਂਕੀ ’ਤੇ ਚੜ੍ਹਿਆ ਜ਼ਮੀਨੀ ਵਿਵਾਦ ’ਚ ਸਾਬਕਾ ਫੌਜੀ ਪੈਟਰੋਲ ਲੈ ਟੈਂਕੀ ’ਤੇ ਚੜ੍ਹਿਆ
Publish Date: Thu, 24 Sep 2026 06:57 PM (IST)
Updated Date: Fri, 25 Sep 2026 04:09 AM (IST)
- ਪੁਲਿਸ ਨੇ ਦੋਵਾਂ ਧਿਰਾਂ ’ਚ ਸਮਝੌਤਾ ਕਰਵਾ ਕੇ ਟੈਂਕੀ ਤੋਂ ਉਤਾਰਿਆ ਫੋਟੋ : 30 ਕੈਪਸ਼ਨ:-ਪਿੰਡ ਚਾਉਕੇ ਵਿਖੇ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹਿਆ ਸਾਬਕਾ ਫੌਜੀ ਕੇਵਲ ਸਿੰਘ। ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਗਹਿਣੇ ਲਈ ਜ਼ਮੀਨ ਦੇ ਪੈਸਿਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚ ਇਨਸਾਫ਼ ਦੀ ਮੰਗ ਕਰਦਿਆਂ ਵੀਰਵਾਰ ਸਵੇਰੇ ਪਿੰਡ ਚਾਉਕੇ ਵਿਖੇ ਇੱਕ ਸਾਬਕਾ ਫੌਜੀ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹ ਗਿਆ। ਇਸ ਘਟਨਾ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਕਾਫ਼ੀ ਦੇਰ ਤੱਕ ਮਸ਼ੱਕਤ ਕਰਨੀ ਪਈ। ਕਰੀਬ ਛੇ ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਕਰਵਾ ਕੇ ਸਮਝੌਤਾ ਕਰਵਾਇਆ, ਜਿਸ ਮਗਰੋਂ ਸਾਬਕਾ ਫੌਜੀ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ ਗਿਆ। ਟੈਂਕੀ ’ਤੇ ਚੜ੍ਹੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੂਰਕੋਟ ਵਾਸੀ ਸੇਵਾਮੁਕਤ ਫੌਜੀ ਕੇਵਲ ਸਿੰਘ ਨੇ ਦੱਸਿਆ ਕਿ ਮਾਰਚ 2022 ਵਿੱਚ ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਸ ਨੇ ਪੀਰਕੋਟ ਵਾਸੀ ਕਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਤੋਂ ਤਿੰਨ ਏਕੜ ਜ਼ਮੀਨ ਗਿਰਵੀ ਲਈ ਸੀ। ਇਸ ਤੋਂ ਬਾਅਦ ਕਰਮਜੀਤ ਸਿੰਘ ਨੇ ਉਸ ਕੋਲੋਂ 1.25 ਲੱਖ ਰੁਪਏ ਦੀ ਵਾਧੂ ਰਕਮ ਵੀ ਲਈ। ਕੇਵਲ ਸਿੰਘ ਦਾ ਦੋਸ਼ ਹੈ ਕਿ ਹੁਣ ਕਰਮਜੀਤ ਸਿੰਘ ਨਾ ਤਾਂ ਜ਼ਮੀਨ ਦੀ ਲੀਜ਼/ਠੇਕੇ ਦੀ ਰਕਮ ਦੇ ਰਿਹਾ ਹੈ ਅਤੇ ਨਾ ਹੀ ਉਸ ਕੋਲੋਂ ਲਈ ਗਈ ਗਿਰਵੀ ਦੀ ਰਕਮ ਵਾਪਸ ਕਰ ਰਿਹਾ ਹੈ। ਇਸ ਕਾਰਨ ਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹ ਗਿਆ। ਉਸ ਨੇ ਕਿਹਾ ਕਿ ਪੂਰੀ ਰਕਮ ਵਾਪਸ ਮਿਲਣ ਤੱਕ ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰੇਗਾ। ਕਰੀਬ ਛੇ ਘੰਟਿਆਂ ਬਾਅਦ ਦੁਪਹਿਰ ਇਕ ਵਜੇ ਦੇ ਕਰੀਬ ਪੁਲਿਸ ਨੇ ਦੋਵਾਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕਰਵਾਈ ਅਤੇ ਸਮਝੌਤਾ ਕਰਵਾ ਦਿੱਤਾ। ਇਸ ਮਗਰੋਂ ਕੇਵਲ ਸਿੰਘ ਨੂੰ ਸੁਰੱਖਿਅਤ ਢੰਗ ਨਾਲ ਟੈਂਕੀ ਤੋਂ ਹੇਠਾਂ ਉਤਾਰ ਲਿਆ ਗਿਆ। ਚਾਉਕੇ ਪੁਲਿਸ ਚੌਕੀ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਵਿਚਕਾਰ ਗੱਲਬਾਤ ਕਰਵਾ ਕੇ ਸਮਝੌਤਾ ਕਰਵਾ ਦਿੱਤਾ ਗਿਆ ਹੈ।