ਯੋਜ਼ਨਾ ਤਹਿਤ ਕਰਵਾਏ ਜਾਣ ਵਾਲੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ’ਚ ਵਿਸਥਾਰ ਮੁੱਖ ਮੰਤਰੀ ਤੀਰਥ ਯਾਤਰਾ ਯੋਜ਼ਨਾ ਤਹਿਤ ਕਰਵਾਏ ਜਾਣ ਵਾਲੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ’ਚ ਵਿਸਥਾਰ
Publish Date: Sun, 16 Aug 2026 09:21 PM (IST)
Updated Date: Mon, 17 Aug 2026 04:09 AM (IST)
ਸ੍ਰੀ ਸਾਲਾਸਰ ਬਾਲਾਜੀ ਧਾਮ ਤੇ ਖਾਟੂ ਸ਼ਾਮ ਜੀ, ਹਰਿਦੁਆਰ ਤੇ ਰਿਸ਼ੀਕੇਸ, ਵਰਿੰਦਾਵਨ ਤੇ ਮਥੁਰਾ ਜੀ ਦੇ ਧਾਰਮਿਕ ਸਥਾਨਾਂ ਦੇ ਕਰਵਾਏ ਜਾਣਗੇ ਦਰਸ਼ਨ : ਮੇਅਰ 17 ਅਗਸਤ ਨੂੰ ਤਿੰਨੇਂ ਧਾਰਮਿਕ ਸਥਾਨਾਂ ਲਈ ਰਵਾਨਾ ਕੀਤੀਆਂ ਜਾਣਗੀਆਂ 2-2 ਬੱਸਾਂ ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਮੁਫ਼ਤ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਵਿਸਥਾਰ ਕਰਦਿਆਂ ਤਿੰਨ ਹੋਰ ਤੀਰਥ ਸਥਾਨਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦਿੱਤੀ। ਮੇਅਰ ਨੇ ਦੱਸਿਆ ਕਿ ਯੋਜਨਾ ਤਹਿਤ ਹੁਣ ਸ੍ਰੀ ਸਾਲਾਸਰ ਬਾਲਾਜੀ ਧਾਮ ਤੇ ਖਾਟੂ ਸ਼ਿਆਮ ਜੀ, ਹਰਿਦੁਆਰ ਤੇ ਰਿਸ਼ੀਕੇਸ਼ ਅਤੇ ਵਰਿੰਦਾਵਨ ਤੇ ਮਥੁਰਾ ਜੀ ਦੇ ਦਰਸ਼ਨਾਂ ਲਈ ਵੀ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਬਠਿੰਡਾ ਵਾਸੀਆਂ ਨੂੰ ਇਨ੍ਹਾਂ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਜ਼ੋਨ ਇੰਚਾਰਜ ਰਾਕੇਸ਼ ਪੁਰੀ ਅਤੇ ਜ਼ਿਲ੍ਹਾ ਇੰਚਾਰਜ ਅਮਰਦੀਪ ਸਿੰਘ ਰਾਜਨ ਦੀ ਦੇਖ-ਰੇਖ ਹੇਠ 17 ਅਗਸਤ ਨੂੰ ਸ਼ਾਮ 6 ਵਜੇ ਫਾਇਰ ਬ੍ਰਿਗੇਡ ਚੌਕ ਤੋਂ ਹਰੇਕ ਤੀਰਥ ਯਾਤਰਾ ਲਈ ਦੋ-ਦੋ ਬੱਸਾਂ ਰਵਾਨਾ ਹੋਣਗੀਆਂ। ਇਸ ਤੋਂ ਇਲਾਵਾ 23 ਅਤੇ 29 ਅਗਸਤ ਨੂੰ ਵੀ ਇਨ੍ਹਾਂ ਧਾਰਮਿਕ ਸਥਾਨਾਂ ਲਈ ਬੱਸਾਂ ਚਲਾਈਆਂ ਜਾਣਗੀਆਂ। ਮੇਅਰ ਮਹਿਤਾ ਨੇ ਦੱਸਿਆ ਕਿ 9 ਅਗਸਤ ਨੂੰ ਬਠਿੰਡਾ ਵਿਖੇ ਕਰਵਾਏ ਗਏ ‘ਹਮਾਰੇ ਰਾਮ’ ਨਾਟਕ ਨੂੰ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਲੋਕਾਂ ਦੀ ਮੰਗ ਅਤੇ ਉਤਸ਼ਾਹ ਨੂੰ ਦੇਖਦਿਆਂ 24 ਅਗਸਤ ਨੂੰ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ‘ਹਮਾਰੇ ਰਾਮ’ ਦੇ ਦੋ ਸ਼ੋਅ ਕਰਵਾਏ ਜਾਣਗੇ। ਇਸ ਮੌਕੇ ਚੇਅਰਮੈਨ ਜੰਗਲਾਤ ਵਿਭਾਗ ਰਾਕੇਸ਼ ਪੁਰੀ ਅਤੇ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਰਾਜਨ ਵੀ ਹਾਜ਼ਰ ਸਨ।