‘ਉੱਘੇ ਵਕੀਲ ਬਲਵੰਤ ਸਿੰਘ ਢਿੱਲੋਂ ਦੀ ਦੇਣ ਭੁਲਾਈ ਨਹੀਂ ਜਾ ਸਕਦੀ’ ਉੱਘੇ ਵਕੀਲ ਬਲਵੰਤ ਸਿੰਘ ਢਿੱਲੋਂ ਦੀ ਸਿੱਖ ਸੰਘਰਸ਼ ਨੂੰ ਦਿੱਤੀ ਦੇਣ ਭੁਲਾਈ ਨਹੀਂ ਜਾ ਸਕਦੀ : ਬਾਬਾ ਮਹਿਰਾਜ, ਕੋਟਭਾਰਾ
Publish Date: Thu, 10 Sep 2026 04:55 PM (IST)
Updated Date: Fri, 11 Sep 2026 04:04 AM (IST)
ਅੰਤਿਮ ਅਰਦਾਸ 15 ਸਤੰਬਰ ਨੂੰ ਗੁਰਦੁਆਰਾ ਸਾਹਿਬ ਮਾਡਲ ਟਾਊਨ ਬਠਿੰਡਾ ਵਿਖੇ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਉੱਘੇ ਵਕੀਲ ਬਲਵੰਤ ਸਿੰਘ ਢਿੱਲੋਂ ਵੱਲੋਂ ਸਿੱਖ ਸੰਘਰਸ਼ ਦੇ ਦੌਰ ਵਿਚ ਕੌਮ ਪ੍ਰਤੀ ਸਮਰਪਿਤ ਭਾਵਨਾ ਨਾਲ ਨਿਭਾਈਆਂ ਸੇਵਾਵਾਂ ਅਤੇ ਉਨ੍ਹਾਂ ਦੀ ਕਾਨੂੰਨੀ ਲੜਾਈ ਵਿਚ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦਾ ਜੀਵਨ ਸੰਘਰਸ਼, ਸਿਦਕ ਅਤੇ ਕੌਮ ਪ੍ਰਤੀ ਸਮਰਪਣ ਦੀ ਇਕ ਅਹਿਮ ਮਿਸਾਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖ਼ਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਸੀਨੀਅਰ ਪੱਤਰਕਾਰ ਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਨੇ ਸਾਂਝੇ ਤੌਰ ’ਤੇ ਜਾਰੀ ਇਕ ਅਖ਼ਬਾਰੀ ਬਿਆਨ ਰਾਹੀਂ ਕੀਤਾ। ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਢਿੱਲੋਂ ਬੀਤੀ 6 ਸਤੰਬਰ ਨੂੰ ਬਠਿੰਡਾ ਵਿਖੇ ਅਕਾਲ ਚਲਾਣਾ ਕਰ ਗਏ ਸਨ। ਆਗੂਆਂ ਨੇ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਪਿੰਡ ਕੋਟਭਾਰਾ ਤੋਂ ਉੱਚ ਸਿੱਖਿਆ ਹਾਸਲ ਕਰਕੇ ਕਾਨੂੰਨ ਦੀ ਪੜ੍ਹਾਈ (ਐੱਲਐੱਲਬੀ) ਕਰਨ ਉਪਰੰਤ ਸ਼ੁਰੂਆਤੀ ਦੌਰ ਵਿਚ ਉਨ੍ਹਾਂ ਦਾ ਝੁਕਾਅ ਖੱਬੇਪੱਖੀ ਵਿਚਾਰਧਾਰਾ ਵੱਲ ਹੋ ਗਿਆ ਸੀ। ਬਾਅਦ ਵਿਚ ਉਹ ਆਪਣੇ ਸਾਥੀਆਂ ਮਰਹੂਮ ਪੱਤਰਕਾਰ ਭਾਈ ਦਲਬੀਰ ਸਿੰਘ ਅਤੇ ਸੀਨੀਅਰ ਪੱਤਰਕਾਰ ਤੇ ਲੇਖਕ ਜਸਪਾਲ ਸਿੰਘ ਸਿੱਧੂ ਸਮੇਤ ਸੰਤਾਂ ਦੇ ਸੰਪਰਕ ਵਿਚ ਆਏ, ਜਿਸ ਉਪਰੰਤ ਉਨ੍ਹਾਂ ਦਾ ਰੁਝਾਨ ਸਿੱਖ ਸੰਘਰਸ਼ ਵੱਲ ਹੋ ਗਿਆ। ਆਗੂਆਂ ਅਨੁਸਾਰ ਐੱਨਐੱਸਏ ਲੱਗਣ ਉਪਰੰਤ ਉਨ੍ਹਾਂ ਨੂੰ ਰੂਪੋਸ਼ ਹੋਣਾ ਪਿਆ ਅਤੇ ਉਨ੍ਹਾਂ ਨੂੰ ਗੋਲੀ ਮਾਰਨ ਦੇ ਹੁਕਮ ਵੀ ਜਾਰੀ ਕੀਤੇ ਗਏ। ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਨੇ ਸਿੱਖ ਸੰਘਰਸ਼ ਨਾਲ ਸਬੰਧਤ ਨੌਜਵਾਨਾਂ ਦੇ ਮੁਫ਼ਤ ਕੇਸ ਲੜ ਕੇ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਢਿੱਲੋਂ ਭਾਵੇਂ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਰਹੇ, ਪਰ ਉਨ੍ਹਾਂ ਦੀਆਂ ਸੇਵਾਵਾਂ ਅਤੇ ਯਾਦਾਂ ਹਮੇਸ਼ਾ ਜੀਵਤ ਰਹਿਣਗੀਆਂ। ਉਨ੍ਹਾਂ ਦੀ ਅੰਤਿਮ ਅਰਦਾਸ 15 ਸਤੰਬਰ, ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਮਾਡਲ ਟਾਊਨ, ਬਠਿੰਡਾ ਵਿਖੇ ਹੋਵੇਗੀ। ਇਸ ਮੌਕੇ ਵਕੀਲ ਗੁਰਜੰਟ ਸਿੰਘ ਗਹਿਰੀ, ਵਕੀਲ ਹਰਦੇਵ ਸਿੰਘ ਧਿੰਗੜ ਅਤੇ ਗੁਰਦੀਪ ਸਿੰਘ ਮਲਕਾਣਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।