ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
Publish Date: Wed, 22 Jul 2026 06:01 PM (IST)
Updated Date: Thu, 23 Jul 2026 04:05 AM (IST)
ਫੋਟੋ : 24 ਕੈਪਸ਼ਨ : ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਕਾਮੇ। * ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਜੁਆਇੰਟ ਫੋਰਮ ਏਕਤਾ ਮੰਚ ਦੇ ਸੱਦੇ ਤੇ ਚੱਲ ਰਹੇ ਸੰਘਰਸ਼ ਦੇ ਤਹਿਤ ਮੰਡਲ ਦਫ਼ਤਰ ਭਗਤਾ ਭਾਈ ਕਾ ਵਿਖੇ ਸਮੂਹ ਜਥੇਬੰਦੀਆਂ ਅਤੇ ਸਮੂਹ ਬਿਜਲੀ ਕਾਮਿਆਂ ਵੱਲੋਂ ਸਮੂਹਿਕ ਛੁੱਟੀ ਭਰ ਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਅੜੀਅਲ ਵਤੀਰੇ ਵਿਰੁੱਧ ਮਾਸ ਲੀਵ ’ਚ ਦੋ ਦਿਨ ਦਾ ਹੋਰ ਵਾਧਾ ਕੀਤਾ ਗਿਆ ਅਤੇ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦੀ ਚੇਤਾਵਨੀ ਦਿੰਦੇ ਹੋਏ ਪੰਜਾਬ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਗਈ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਵਿਨੋਦ ਸਿੰਘ ਖਾਲਸਾ ਡਿਵੀਜ਼ਨ ਆਗੂ, ਮਹਿੰਦਰਪਾਲ ਸਿੰਘ ਸਰਕਲ ਸਕੱਤਰ ਬਠਿੰਡਾ ਤੇ ਇੰਜੀਨੀਅਰ ਪਰਗਟ ਰਾਮ ਸ਼ਰਮਾ ਡਿਵੀਜ਼ਨ ਆਗੂ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਬੁਲਾਰਿਆਂ ਨੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਤੇ ਪੰਜਾਬ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਜਦਕਿ ਦੂਜੇ ਪਾਸੇ ਆਪਣੇ ਹੱਕਾਂ ਲਈ ਮੁਲਾਜ਼ਮਾਂ ਨੂੰ ਸੜਕਾਂ ਤੇ ਉਤਰ ਕੇ ਸੰਘਰਸ਼ ਕਰਨਾ ਪੈ ਰਿਹਾ ਹੈ। ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਕਈ ਵਾਰ ਲਾਠੀਚਾਰਜ ਅਤੇ ਪੁਲਿਸ ਤਸ਼ੱਦਦ ਦਾ ਵੀ ਸਾਹਮਣਾ ਕਰਨਾ ਪਿਆ ਹੈ। ਆਗੂਆਂ ਨੇ ਕਿਹਾ ਕਿ ਪਾਵਰਕਾਮ ਦਾ ਸਮੂਹ ਮੁਲਾਜ਼ਮ ਵਰਗ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ, ਪਰ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੇ ਅੜੀਅਲ ਰਵੱਈਏ ਕਾਰਨ ਹੁਣ ਮੁਲਾਜ਼ਮਾਂ ਨੂੰ ਸਮੂਹਿਕ ਛੁੱਟੀ ਭਰ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਜਲਦੀ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਮੰਗਾਂ ਦੀ ਪੂਰਤੀ ਤੱਕ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਹੋਣ ਵਾਲੇ ਹਰ ਤਰ੍ਹਾਂ ਦੇ ਵਿੱਤੀ ਅਤੇ ਪ੍ਰਸ਼ਾਸਨਿਕ ਨੁਕਸਾਨ ਲਈ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖੁਦ ਜ਼ਿੰਮੇਵਾਰ ਹੋਣਗੇ। ਦਫ਼ਤਰੀ, ਟੈਕਨੀਕਲ ਅਤੇ ਫੀਲਡ ਅਮਲਾ ਸਮੂਹਿਕ ਛੁੱਟੀ ਤੇ ਹੋਣ ਕਾਰਨ ਸਮੁੱਚੇ ਅਦਾਰੇ ਦਾ ਕੰਮਕਾਜ ਪ੍ਰਭਾਵਿਤ ਰਿਹਾ। ਅੱਜ ਦੇ ਇਸ ਰੋਸ ਪ੍ਰਦਰਸ਼ਨ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਵੀ ਪੂਰਾ ਸਮਰਥਨ ਦਿੱਤਾ ਗਿਆ। ਇਸ ਮੌਕੇ ਲਖਬੀਰ ਸਿੰਘ, ਗੁਰਮੇਲ ਸਿੰਘ, ਕਮਲਦੀਪ ਸਿੰਘ, ਹਰਮਨਪ੍ਰੀਤ ਸਿੰਘ, ਬਲਜੀਤ ਸਿੰਘ, ਰੁਲਦੂ ਸਿੰਘ, ਸੁਰਿੰਦਰਪਾਲ ਸਿੰਘ, ਜਸਵੀਰ ਸਿੰਘ, ਕਰਮਜੀਤ ਸਿੰਘ ਕਿਸਾਨ ਆਗੂ, ਹਿਮਾਂਸ਼ੂ ਗੁਪਤਾ (ਜੇਈ) ਅਤੇ ਰਵਿੰਦਰ ਸਿੰਘ ਸਬ ਡਵੀਜ਼ਨ ਪ੍ਰਧਾਨ, ਬਿੰਦਰ ਸਿੰਘ ਅਤੇ ਪੂਰਨ ਸਿੰਘ ਪੈਨਸ਼ਨਰਜ਼ ਐਸੋਸੀਏਸ਼ਨ ਮਹਾਂ ਸੰਗ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ। ਅੰਤ ’ਚ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।