ਟਰੱਕ ’ਤੇ ਤਿਰਪਾਲ ਬੰਨ੍ਹਦੇ ਸਮੇਂ ਹੇਠਾਂ ਡਿੱਗਣ ਕਾਰਨ ਬਜ਼ੁਰਗ ਚਾਲਕ ਦੀ ਮੌਤ
ਟਰੱਕ ’ਤੇ ਤਿਰਪਾਲ ਬੰਨ੍ਹਦੇ ਸਮੇਂ ਹੇਠਾਂ ਡਿੱਗਣ ਕਾਰਨ ਬਜੂਰਗ ਚਾਲਕ ਦੀ ਮੌਤ
Publish Date: Sat, 24 Oct 2026 05:38 PM (IST)
Updated Date: Sat, 24 Oct 2026 05:40 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਰਾਮਾਂ ਮੰਡੀ, ਲੰਘੀ ਰਾਤ ਇਕ ਬਜ਼ੁਰਗ ਮਹਿੰਦਰ ਸਿੰਘ (60) ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਬਾਘਾ ਦੀ ਪਿੰਡ ਤਰਖਾਣਵਾਲਾ ਰੋਡ ’ਤੇ ਸਥਿਤ ਪਨਗ੍ਰੇਨ ਦੇ ਮਾਲ ਗੋਦਾਮ ਵਿਚ ਟਰੱਕ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਹਿੰਦਰ ਸਿੰਘ ਖ਼ੁਦ ਆਪਣੇ ਟਰੱਕ ਦਾ ਮਾਲਕ ਅਤੇ ਚਾਲਕ ਸੀ। ਲੰਘੀ ਰਾਤ ਉਹ ਪਨਗ੍ਰੇਨ ਦੇ ਮਾਲ ਗੋਦਾਮ ਵਿਚ ਟਰੱਕ ਉੱਪਰ ਚੜ੍ਹ ਕੇ ਤਿਰਪਾਲ ਨੂੰ ਰੱਸੇ ਨਾਲ ਬੰਨ੍ਹ ਰਿਹਾ ਸੀ ਕਿ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਹੇਠਾਂ ਡਿੱਗ ਪਿਆ। ਨਾਲ ਦੇ ਸਾਥੀਆਂ ਵੱਲੋਂ ਉਸਨੂੰ ਇਲਾਜ ਲਈ ਤੁਰੰਤ ਬੈਨੀ ਸੁਪਰਸਪੈਸ਼ਲਿਟੀ ਹਸਪਤਾਲ ਰਾਮਾਂ ਲਿਆਂਦਾ ਗਿਆ। ਜਿੱਥੇ ਡਾਕਟਰ ਕੁੰਥੂ ਜੈਨ ਵੱਲੋਂ ਉਸਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਰਾਮਾਂ ਸਹਾਰਾ ਐਂਬੂਲੈਂਸ ਦੇ ਚਾਲਕ ਬੂਟਾ ਸਿੰਘ ਨੇ ਬੈਨੀ ਸੁਪਰਸਪੈਸ਼ਲਿਟੀ ਹਸਪਤਾਲ ਵਿਖੇ ਪਹੁੰਚ ਕੇ ਜ਼ਖ਼ਮੀ ਮਹਿੰਦਰ ਸਿੰਘ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਕਾਰਨ ਪਿੰਡ ਬਾਘਾ ਵਿਚ ਤੇ ਗਰਾਮ ਪੰਚਾਇਤ ਸੋਗ ਦੀ ਲਹਿਰ ਹੈ। ਰਿਫਾਇਨਰੀ ਪੁਲਿਸ ਚੌਕੀ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿੰਦਰ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਚੌਕੀ ਵਿਚ 174 ਦੀ ਕਾਰਵਾਈ ਕੀਤੀ ਗਈ ਹੈ।