ਅੱਠ ਘੰਟੇ ਦਾ ਦਾਅਵਾ, ਪੰਜ ਘੰਟੇ ਸਪਲਾਈ, ਕਿਸਾਨਾਂ ਦਾ ਗਰਿੱਡ ਅੱਗੇ ਧਰਨਾ ਅੱਠ ਘੰਟੇ ਦਾ ਦਾਅਵਾ, ਪੰਜ ਘੰਟੇ ਸਪਲਾਈ, ਕਿਸਾਨਾਂ ਦਾ ਗਰਿੱਡ ਅੱਗੇ ਧਰਨਾ
Publish Date: Thu, 10 Sep 2026 08:10 PM (IST)
Updated Date: Fri, 11 Sep 2026 04:11 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਲਈ ਮੋਟਰਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੇ ਬਾਵਜੂਦ ਪਿੰਡ ਕੋਟਫੱਤਾ ਦੇ ਕਿਸਾਨਾਂ ਨੂੰ ਬਿਜਲੀ ਸਪਲਾਈ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਅਨੁਸਾਰ ਅੱਜ ਪਿੰਡ ਵਿੱਚ ਖੇਤੀਬਾੜੀ ਲਈ ਕਰੀਬ ਪੰਜ ਘੰਟੇ ਹੀ ਬਿਜਲੀ ਸਪਲਾਈ ਮਿਲੀ, ਜਦਕਿ ਪਹਿਲਾਂ ਦੱਸਿਆ ਗਿਆ ਸੀ ਕਿ ਸਪਲਾਈ ਸਿਰਫ਼ ਤਿੰਨ ਘੰਟੇ ਚੱਲੀ। ਇਸ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੋ ਗਿਆ। ਬਿਜਲੀ ਸਪਲਾਈ ਵਿੱਚ ਵਿਘਨ ਤੋਂ ਪ੍ਰੇਸ਼ਾਨ ਕਿਸਾਨ ਸ਼ਾਮ ਸਮੇਂ ਧੰਨ ਸਿੰਘ ਖਾਨਾ ਵਿਖੇ ਸਥਿਤ ਬਿਜਲੀ ਗਰਿੱਡ ’ਤੇ ਪਹੁੰਚੇ ਅਤੇ ਧਰਨਾ ਲਗਾ ਦਿੱਤਾ। ਕਿਸਾਨਾਂ ਨੇ ਬਿਜਲੀ ਵਿਭਾਗ ਤੋਂ ਖੇਤੀਬਾੜੀ ਲਈ ਨਿਰਵਿਘਨ ਅਤੇ ਨਿਰਧਾਰਤ ਸਮੇਂ ਅਨੁਸਾਰ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ। ਧਰਨੇ ਦੌਰਾਨ ਕਿਸਾਨਾਂ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੇ ਇਸ ਅਹਿਮ ਪੜਾਅ ’ਤੇ ਬਿਜਲੀ ਦੀ ਨਿਯਮਤ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ਨੂੰ ਫ਼ਸਲ ਦੀ ਸਿੰਚਾਈ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਧਰਨੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਦੰਦੀਵਾਲ ਕੋਟਫੱਤਾ ਵੀ ਮੌਜੂਦ ਰਹੇ। ਉਹ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ ਦੇ ਕਰੀਬੀ ਸਾਥੀਆਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਦੀ ਮੌਜੂਦਗੀ ਵਿੱਚ ਕਿਸਾਨਾਂ ਨੇ ਬਿਜਲੀ ਸਪਲਾਈ ਨਾਲ ਸਬੰਧਤ ਆਪਣੀਆਂ ਸਮੱਸਿਆਵਾਂ ਰੱਖੀਆਂ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਅੱਠ ਘੰਟੇ ਬਿਜਲੀ ਸਪਲਾਈ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ ’ਤੇ ਕਈ ਵਾਰ ਸਥਿਤੀ ਵੱਖਰੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਵਿੱਚ ਵਾਰ-ਵਾਰ ਵਿਘਨ ਪੈਣ ਕਾਰਨ ਖੇਤੀਬਾੜੀ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਨੂੰ ਅਪੀਲ ਕੀਤੀ ਕਿ ਝੋਨੇ ਦੇ ਸੀਜ਼ਨ ਦੇ ਬਾਕੀ ਰਹਿੰਦੇ ਕਰੀਬ ਪੰਦਰਾਂ ਦਿਨਾਂ ਦੌਰਾਨ ਖੇਤੀਬਾੜੀ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਕਿਸਾਨਾਂ ਨੇ ਕਿਹਾ ਕਿ ਇਸ ਸਮੇਂ ਫ਼ਸਲ ਨੂੰ ਪਾਣੀ ਦੀ ਲੋੜ ਹੈ ਅਤੇ ਬਿਜਲੀ ਸਪਲਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਉਨ੍ਹਾਂ ਲਈ ਮੁਸ਼ਕਲਾਂ ਵਧਾ ਸਕਦੀ ਹੈ। ਹੁਣ ਝੋਨੇ ਦੀ ਫਸਲ ਆਖਰੀ ਪੜਾਅ ’ਤੇ ਹੈ ਅਤੇ ਜੇਕਰ ਪਾਣੀ ਦੀ ਕਿੱਲਤ ਆਉਦੀ ਹੈ ਤਾਂ ਝੋਨੇ ਦੇ ਝਾੜ ’ਤੇ ਅਸਰ ਪੈ ਸਕਦਾ ਹੈ।