ਸਿਵਲ ਹਸਪਤਾਲ ’ਚ ਈਈਜੀ ਜਾਂਚ ਦੀ ਸਹੂਲਤ ਸ਼ੁਰੂ, ਨਿਊਰੋਲੌਜੀਕਲ ਬਿਮਾਰੀਆਂ ਦੀ ਪਛਾਣ ਹੋਵੇਗੀ ਆਸਾਨ ਸਿਵਲ ਹਸਪਤਾਲ ਵਿੱਚ ਈਈਜੀ ਜਾਂਚ ਦੀ ਸਹੂਲਤ ਸ਼ੁਰੂ, ਨਿਊਰੋਲੌਜੀਕਲ ਬਿਮਾਰੀਆਂ ਦੀ ਪਛਾਣ ਹੋਵੇਗੀ ਆਸਾਨ
Publish Date: Sat, 22 Aug 2026 04:12 PM (IST)
Updated Date: Sat, 22 Aug 2026 04:12 PM (IST)
ਗੁਰਤਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਵਿਚ ਹੁਣ ਮਿਰਗੀ, ਬ੍ਰੇਨ ਸਟ੍ਰੋਕ, ਬ੍ਰੇਨ ਟਿਊਮਰ, ਸਿਰਦਰਦ ਤੇ ਹੋਰ ਸਬੰਧਤ ਬਿਮਾਰੀਆਂ ਦੀ ਜਾਂਚ ਲਈ ਮਰੀਜ਼ਾਂ ਨੂੰ ਨਿੱਜੀ ਕੇਂਦਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਹਸਪਤਾਲ ਦੇ ਮਨੋਰੋਗ ਵਿਭਾਗ ਵਿੱਚ ਇਲੈਕਟ੍ਰੋਐਨਸੈਫਲੋਗ੍ਰਾਮ (ਈਈਜੀ) ਮਸ਼ੀਨ ਸਥਾਪਿਤ ਹੋਣ ਤੋਂ ਬਾਅਦ ਇਸ ਦੀ ਜਾਂਚ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨਾਲ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿੱਚ ਹੀ ਘੱਟ ਖਰਚ ’ਤੇ ਜਾਂਚ ਕਰਵਾਉਣ ਦੀ ਸਹੂਲਤ ਮਿਲੇਗੀ। ਹਸਪਤਾਲ ਪ੍ਰਬੰਧਨ ਅਨੁਸਾਰ ਮਨੋਰੋਗ ਵਿਭਾਗ ਦੀ ਓਪੀਡੀ ਵਿੱਚ ਰੋਜ਼ਾਨਾ ਕਰੀਬ 120 ਤੋਂ 150 ਮਰੀਜ਼ ਇਲਾਜ ਲਈ ਪਹੁੰਚਦੇ ਹਨ। ਇਨ੍ਹਾਂ ਵਿਚੋਂ 15 ਤੋਂ 20 ਮਰੀਜ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਮਿਰਗੀ, ਵਾਰ-ਵਾਰ ਚੱਕਰ ਆਉਣ, ਸਿਰਦਰਦ, ਬ੍ਰੇਨ ਟਿਊਮਰ, ਬ੍ਰੇਨ ਸਟ੍ਰੋਕ ਜਾਂ ਹੋਰ ਨਿਊਰੋਲੌਜੀਕਲ ਸਮੱਸਿਆਵਾਂ ਦੀ ਜਾਂਚ ਲਈ ਈਈਜੀ ਕਰਵਾਉਣ ਦੀ ਲੋੜ ਪੈਂਦੀ ਹੈ। ਹੁਣ ਇਨ੍ਹਾਂ ਮਰੀਜ਼ਾਂ ਨੂੰ ਜਾਂਚ ਲਈ ਬਾਹਰਲੇ ਨਿੱਜੀ ਕੇਂਦਰਾਂ ’ਤੇ ਜਾਣ ਦੀ ਲੋੜ ਨਹੀਂ ਰਹੇਗੀ। ਨਿੱਜੀ ਕੇਂਦਰਾਂ ’ਤੇ 1500 ਤੋਂ 2500 ਰੁਪਏ ਤਕ ਆਉਂਦਾ ਸੀ ਖਰਚ ਹੁਣ ਤਕ ਈਈਜੀ ਜਾਂਚ ਲਈ ਮਰੀਜ਼ਾਂ ਨੂੰ ਨਿੱਜੀ ਸੰਸਥਾਵਾਂ ਦਾ ਰੁਖ ਕਰਨਾ ਪੈਂਦਾ ਸੀ, ਜਿੱਥੇ ਇਸ ਜਾਂਚ ਲਈ ਲਗਭਗ 1500 ਤੋਂ 2500 ਰੁਪਏ ਤਕ ਖਰਚ ਆਉਂਦਾ ਸੀ। ਸਰਕਾਰੀ ਹਸਪਤਾਲ ਵਿੱਚ ਇਹ ਸਹੂਲਤ ਸ਼ੁਰੂ ਹੋਣ ਨਾਲ ਮਰੀਜ਼ਾਂ ਨੂੰ ਆਰਥਿਕ ਰਾਹਤ ਮਿਲਣ ਦੇ ਨਾਲ ਹੀ ਜਾਂਚ ਤੋਂ ਬਾਅਦ ਇਲਾਜ ਦੀ ਪ੍ਰਕਿਰਿਆ ਵੀ ਆਸਾਨ ਹੋਵੇਗੀ। ਹਸਪਤਾਲ ਸੂਤਰਾਂ ਅਨੁਸਾਰ ਈਈਜੀ ਮਸ਼ੀਨ ਦੀ ਅੰਦਾਜ਼ਨ ਕੀਮਤ 25 ਤੋਂ 30 ਲੱਖ ਰੁਪਏ ਦੇ ਕਰੀਬ ਹੈ। ਮਨੋਰੋਗ ਮਾਹਿਰ ਅਤੇ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਈਈਜੀ ਜਾਂਚ ਰਾਹੀਂ ਦਿਮਾਗ ਵਿੱਚ ਹੋਣ ਵਾਲੀਆਂ ਆਮ ਅਤੇ ਅਸਧਾਰਨ ਬਿਜਲੀ ਗਤੀਵਿਧੀਆਂ ਨੂੰ ਰਿਕਾਰਡ ਕੀਤਾ ਜਾਂਦਾ ਹੈ। ਇਸ ਜਾਂਚ ਦੀ ਮਦਦ ਨਾਲ ਮਿਰਗੀ, ਸਿਰ ਦੀ ਸੱਟ, ਦਿਮਾਗ ਵਿੱਚ ਸੋਜ, ਬ੍ਰੇਨ ਟਿਊਮਰ, ਯਾਦ ਦਾਸ਼ਤ ਨਾਲ ਸਬੰਧਤ ਸਮੱਸਿਆਵਾਂ, ਨੀਂਦ ਸਬੰਧੀ ਵਿਕਾਰ, ਬ੍ਰੇਨ ਸਟ੍ਰੋਕ ਅਤੇ ਕੁਝ ਹੋਰ ਮਾਨਸਿਕ ਤੇ ਨਿਊਰੋਲੌਜੀਕਲ ਬਿਮਾਰੀਆਂ ਦੀ ਪਛਾਣ ਕਰਨ ਵਿੱਚ ਡਾਕਟਰਾਂ ਨੂੰ ਮਦਦ ਮਿਲਦੀ ਹੈ। ਬਿਮਾਰੀ ਦਾ ਸਮੇਂ ਸਿਰ ਪਤਾ ਲੱਗਣ ਨਾਲ ਮਰੀਜ਼ ਦਾ ਢੁੱਕਵਾਂ ਇਲਾਜ ਜਲਦ ਸ਼ੁਰੂ ਕੀਤਾ ਜਾ ਸਕਦਾ ਹੈ। ‘ਦਿਮਾਗ ਦੀ ਈਸੀਜੀ’ ਵਾਂਗ ਹੁੰਦੀ ਹੈ ਈਈਜੀ ਜਾਂਚ ਈਈਜੀ ਨੂੰ ਆਮ ਭਾਸ਼ਾ ਵਿਚ ‘ਦਿਮਾਗ ਦੀ ਈਸੀਜੀ’ ਵੀ ਕਿਹਾ ਜਾ ਸਕਦਾ ਹੈ। ਜਾਂਚ ਦੌਰਾਨ ਮਰੀਜ਼ ਦੇ ਸਿਰ ’ਤੇ ਵਿਸ਼ੇਸ਼ ਜੈੱਲ ਦੀ ਮਦਦ ਨਾਲ ਛੋਟੇ-ਛੋਟੇ ਇਲੈਕਟ੍ਰੋਡ ਲਗਾਏ ਜਾਂਦੇ ਹਨ। ਇਹ ਇਲੈਕਟ੍ਰੋਡ ਦਿਮਾਗ ਵਿੱਚ ਪੈਦਾ ਹੋਣ ਵਾਲੇ ਬਹੁਤ ਹੀ ਸੂਖਮ ਬਿਜਲੀ ਸੰਕੇਤਾਂ ਨੂੰ ਰਿਕਾਰਡ ਕਰਦੇ ਹਨ। ਮਸ਼ੀਨ ਇਨ੍ਹਾਂ ਕਮਜ਼ੋਰ ਸੰਕੇਤਾਂ ਨੂੰ ਵਧਾ ਕੇ ਕੰਪਿਊਟਰ ਤਕ ਪਹੁੰਚਾਉਂਦੀ ਹੈ, ਜਿੱਥੇ ਇਨ੍ਹਾਂ ਨੂੰ ਤਰੰਗਾਂ ਦੇ ਰੂਪ ਵਿੱਚ ਦਰਜ ਕੀਤਾ ਜਾਂਦਾ ਹੈ। ਮਾਹਿਰ ਇਨ੍ਹਾਂ ਤਰੰਗਾਂ ਦਾ ਅਧਿਐਨ ਕਰਕੇ ਦਿਮਾਗ ਦੀ ਗਤੀਵਿਧੀ ਬਾਰੇ ਜਾਣਕਾਰੀ ਹਾਸਲ ਕਰਦੇ ਹਨ। ਡਾ. ਬਾਂਸਲ ਨੇ ਦੱਸਿਆ ਕਿ ਈਈਜੀ ਜਾਂਚ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਦਰਦ ਰਹਿਤ ਪ੍ਰਕਿਰਿਆ ਹੈ। ਜਾਂਚ ਦੌਰਾਨ ਸਿਰ ’ਤੇ ਲਗਾਏ ਜਾਣ ਵਾਲੇ ਇਲੈਕਟ੍ਰੋਡ ਸਿਰਫ਼ ਦਿਮਾਗ ਦੀਆਂ ਬਿਜਲੀ ਤਰੰਗਾਂ ਨੂੰ ਰਿਕਾਰਡ ਕਰਦੇ ਹਨ। ਮਰੀਜ਼ ਨੂੰ ਕਿਸੇ ਤਰ੍ਹਾਂ ਦਾ ਕਰੰਟ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਇਸ ਜਾਂਚ ਦੌਰਾਨ ਦਰਦ ਜਾਂ ਕਿਸੇ ਹੋਰ ਤਰ੍ਹਾਂ ਦੀ ਪਰੇਸ਼ਾਨੀ ਹੋਣ ਦਾ ਖਦਸ਼ਾ ਨਹੀਂ ਰਹਿੰਦਾ। ਸਟੇਟ ਹੈੱਡਕੁਆਰਟਰ ਤੋਂ ਮਨਜ਼ੂਰੀ ਮਿਲਣ ਮਗਰੋਂ ਲੱਗੀ ਮਸ਼ੀਨ ਐਸਐਮਓ ਤੇ ਮਨੋਰੋਗ ਮਾਹਿਰ ਡਾ. ਅਰੁਣ ਬਾਂਸਲ ਅਨੁਸਾਰ ਕੁਝ ਸਮਾਂ ਪਹਿਲਾਂ ਹਸਪਤਾਲ ਪ੍ਰਬੰਧਨ ਵੱਲੋਂ ਈਈਜੀ ਮਸ਼ੀਨ ਦੀ ਲੋੜ ਸਬੰਧੀ ਮੰਗ ਸਟੇਟ ਹੈੱਡਕੁਆਰਟਰ ਚੰਡੀਗੜ੍ਹ ਨੂੰ ਭੇਜੀ ਗਈ ਸੀ। ਮਨਜ਼ੂਰੀ ਮਿਲਣ ਤੋਂ ਬਾਅਦ ਮਨੋਰੋਗ ਵਿਭਾਗ ਵਿੱਚ ਮਸ਼ੀਨ ਸਥਾਪਿਤ ਕੀਤੀ ਗਈ ਅਤੇ ਜਾਂਚ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਮਰੀਜ਼ਾਂ ਨੂੰ ਬਿਹਤਰ ਸਹੂਲਤ ਦੇਣ ਲਈ ਤਜਰਬੇਕਾਰ ਟੈਕਨੀਸ਼ੀਅਨ ਅਤੇ ਲੋੜੀਂਦਾ ਸਟਾਫ਼ ਵੀ ਤਾਇਨਾਤ ਕੀਤਾ ਗਿਆ ਹੈ। ਹਸਪਤਾਲ ਵਿੱਚ ਇਹ ਸਹੂਲਤ ਸ਼ੁਰੂ ਹੋਣ ਨਾਲ ਦਿਮਾਗ ਅਤੇ ਤੰਤੂ ਤੰਤਰ ਨਾਲ ਜੁੜੀਆਂ ਬਿਮਾਰੀਆਂ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਨੂੰ ਹੋਰ ਸੁਚਾਰੂ ਬਣਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।