ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਕਰਵਾਇਆ ਵਿੱਦਿਅਕ ਟੂਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਕਰਵਾਇਆ ਵਿੱਦਿਅਕ ਟੂਰ
Publish Date: Mon, 21 Sep 2026 04:12 PM (IST)
Updated Date: Mon, 21 Sep 2026 04:15 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈ ਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈ ਕਾ ਵਿਖੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਇਕ ਰੋਜ਼ਾ ਵਿੱਦਿਅਕ ਟੂਰ ਕਰਵਾਇਆ ਗਿਆ। ਟੂਰ ਦਾ ਉਦੇਸ਼ ਵਿਦਿਆਰਥੀਆਂ ਨੂੰ ਇਤਿਹਾਸ, ਧਰਮ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਦੇ ਬਹੁਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਸੀ। ਟੂਰ ਐਂਡ ਟਰੈਵਲ ਇੰਚਾਰਜ ਅਤੇ ਪੰਜਾਬੀ ਵਿਭਾਗ ਦੀ ਮੁਖੀ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਬਾਰ੍ਹਵੀਂ ਸਦੀ ਦੇ ਪ੍ਰਸਿੱਧ ਸੂਫ਼ੀ ਸੰਤ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਵਿਦਿਆਰਥੀਆਂ ਨੂੰ ਫਰੀਦਕੋਟ ਲਿਜਾਇਆ ਗਿਆ। ਵਿਦਿਆਰਥੀਆਂ ਨੇ ਗੁਰਦੁਆਰਾ ਗੋਦੜੀ ਸਾਹਿਬ ਅਤੇ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਮੱਥਾ ਟੇਕਿਆ ਅਤੇ ਇਨ੍ਹਾਂ ਇਤਿਹਾਸਕ ਸਥਾਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਚੱਲ ਰਹੇ ਗੁਰਬਾਣੀ ਪਾਠ ਅਤੇ ਮਨੋਹਰ ਕੀਰਤਨ ਦਾ ਵੀ ਆਨੰਦ ਮਾਣਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫਰੀਦਕੋਟ ਵਿਖੇ ਲੱਗੇ ਪੁਸਤਕ ਮੇਲੇ ਵਿੱਚ ਸ਼ਮੂਲੀਅਤ ਕੀਤੀ। ਇੱਥੇ ਵੱਖ-ਵੱਖ ਪ੍ਰਕਾਸ਼ਕਾਂ ਵੱਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਦੇਖੀਆਂ ਅਤੇ ਲੋੜੀਂਦੀਆਂ ਪੁਸਤਕਾਂ ਤੇ ਸਾਹਿਤਕਾਰਾਂ ਦੇ ਪੋਸਟਰ ਖਰੀਦੇ। ਅੱਖਰਕਾਰੀ ਦੇ ਸਟਾਲ ’ਤੇ ਵਿਦਿਆਰਥੀਆਂ ਨੇ ਸੁੰਦਰ ਹੱਥ ਲਿਖਤਾਂ ਵੀ ਦੇਖੀਆਂ। ਟੂਰ ਵਿੱਚ ਡਾ. ਹਰਮਨਦੀਪ ਕੌਰ, ਪ੍ਰੋ. ਰੀਮਾ, ਧਾਰਮਿਕ ਅਧਿਆਪਕ ਮਨਪ੍ਰੀਤ ਸਿੰਘ ਸਮੇਤ ਵੱਖ-ਵੱਖ ਕਲਾਸਾਂ ਦੇ 39 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਪੰਜਾਬੀ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ।