ਬਾਬਾ ਮੋਨੀ ਜੀ ਮਹਾਰਾਜ ਕਾਲਜ ਆਫ਼ ਨਰਸਿੰਗ ਵਿਖੇ ਐਜੂਕੇਸ਼ਨਲ ਟੂਰ ਬਾਬਾ ਮੋਨੀ ਜੀ ਮਹਾਰਾਜ ਕਾਲਜ ਆਫ਼ ਨਰਸਿੰਗ ਵਿਖੇ ਐਜੂਕੇਸ਼ਨਲ ਟੂਰ
Publish Date: Wed, 26 Aug 2026 04:32 PM (IST)
Updated Date: Wed, 26 Aug 2026 04:34 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੀਐਮ ਸ੍ਰੀ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਮੰਡੀ (ਡਿੱਗੀ ਵਾਲਾ) ਵੱਲੋਂ ਵਿਦਿਆਰਥੀਆਂ ਨੂੰ ਨਰਸਿੰਗ ਸਿੱਖਿਆ ਅਤੇ ਇਸ ਖੇਤਰ ਵਿੱਚ ਕਰੀਅਰ ਦੇ ਮੌਕਿਆਂ ਬਾਰੇ ਵਿਹਾਰਕ ਜਾਣਕਾਰੀ ਦੇਣ ਦੇ ਉਦੇਸ਼ ਨਾਲ ਬਾਬਾ ਮੋਨੀ ਜੀ ਮਹਾਰਾਜ ਕਾਲਜ ਆਫ਼ ਨਰਸਿੰਗ ਲਹਿਰਾ ਮੁਹੱਬਤ ਬਠਿੰਡਾ ਵਿਖੇ ਵਿਦਿਅਕ ਦੌਰਾ ਕਰਵਾਇਆ ਗਿਆ। ਇਹ ਦੌਰਾ ਸਕੂਲ ਦੇ ਪ੍ਰਿੰਸੀਪਲ ਸੁਨੀਲ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦੌਰਾਨ ਮੈਡਮ ਸੰਦੀਪ ਕੁਮਾਰੀ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ। ਕਾਲਜ ਪਹੁੰਚਣ ’ਤੇ ਮੈਡਮ ਨਵਦੀਪ ਕੌਰ ਵੱਲੋਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਚੱਲ ਰਹੀਆਂ ਵਿਦਿਅਕ ਗਤੀਵਿਧੀਆਂ, ਨਰਸਿੰਗ ਕੋਰਸਾਂ ਅਤੇ ਦਾਖਲਾ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਕਾਲਜ ਦੀ ਲਾਇਬ੍ਰੇਰੀ ਅਤੇ ਹੋਰ ਉਪਲਬਧ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਮੈਡਮ ਨਵਦੀਪ ਕੌਰ ਨੇ ਨਰਸਿੰਗ ਦੇ ਖੇਤਰ ਵਿੱਚ ਉੱਚ ਸਿੱਖਿਆ ਅਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਨਰਸਿੰਗ ਖੇਤਰ ਵਿੱਚ ਮੌਜੂਦ ਵੱਖ-ਵੱਖ ਕਰੀਅਰ ਵਿਕਲਪਾਂ ਬਾਰੇ ਜਾਣਕਾਰੀ ਦਿੰਦਿਆਂ ਇਸ ਖੇਤਰ ਵਿੱਚ ਲੋੜੀਂਦੀ ਸਿੱਖਿਆ ਅਤੇ ਹੁਨਰਾਂ ਦੀ ਮਹੱਤਤਾ ਬਾਰੇ ਦੱਸਿਆ। ਦੌਰੇ ਦੌਰਾਨ ਵਿਦਿਆਰਥੀਆਂ ਨੇ ਕਾਲਜ ਦੀਆਂ ਵੱਖ-ਵੱਖ ਨਰਸਿੰਗ ਕਲਾਸਾਂ ਅਤੇ ਹੋਰ ਵਿਭਾਗਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਨਰਸਿੰਗ ਸਿੱਖਿਆ ਨਾਲ ਸਬੰਧਤ ਗਤੀਵਿਧੀਆਂ ਅਤੇ ਕਾਲਜ ਵਿੱਚ ਉਪਲਬਧ ਸਹੂਲਤਾਂ ਨੂੰ ਨੇੜਿਓਂ ਦੇਖਿਆ। ਵਿਦਿਆਰਥੀਆਂ ਨੇ ਨਰਸਿੰਗ ਸਿੱਖਿਆ ਅਤੇ ਇਸ ਨਾਲ ਜੁੜੇ ਕਰੀਅਰ ਮੌਕਿਆਂ ਪ੍ਰਤੀ ਵਿਸ਼ੇਸ਼ ਦਿਲਚਸਪੀ ਦਿਖਾਈ ਅਤੇ ਆਪਣੇ ਸਵਾਲ ਵੀ ਪੁੱਛੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਨੀਲ ਕੁਮਾਰ ਨੇ ਕਿਹਾ ਕਿ ਅਜਿਹੇ ਵਿਦਿਅਕ ਦੌਰੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਲਾਸ ਰੂਮ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵਿਹਾਰਕ ਅਤੇ ਅਸਲ ਜੀਵਨ ਨਾਲ ਜੁੜੀ ਜਾਣਕਾਰੀ ਮਿਲਦੀ ਹੈ। ਇਸ ਤਰ੍ਹਾਂ ਦੇ ਦੌਰੇ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਭਵਿੱਖ ਵਿੱਚ ਸਹੀ ਕਰੀਅਰ ਦੀ ਚੋਣ ਕਰਨ ਵਿੱਚ ਵੀ ਮਦਦ ਕਰਦੇ ਹਨ। ਸਕੂਲ ਵੱਲੋਂ ਕਰਵਾਇਆ ਗਿਆ ਇਹ ਐਜੂਕੇਸ਼ਨਲ ਟੂਰ ਵਿਦਿਆਰਥੀਆਂ ਲਈ ਗਿਆਨਵਰਧਕ ਅਤੇ ਪ੍ਰੇਰਨਾਦਾਇਕ ਸਾਬਤ ਹੋਇਆ। ਵਿਦਿਆਰਥੀਆਂ ਨੇ ਇਸ ਦੌਰੇ ਨੂੰ ਆਪਣੇ ਲਈ ਇੱਕ ਨਵਾਂ ਅਤੇ ਯਾਦਗਾਰ ਅਨੁਭਵ ਦੱਸਦਿਆਂ ਕਾਲਜ ਦੀਆਂ ਸਹੂਲਤਾਂ ਅਤੇ ਨਰਸਿੰਗ ਸਿੱਖਿਆ ਬਾਰੇ ਮਿਲੀ ਜਾਣਕਾਰੀ ਨੂੰ ਲਾਹੇਵੰਦ ਕਰਾਰ ਦਿੱਤਾ।