ਪੀਆਈਟੀ ਨੰਦਗੜ੍ਹ ਦੇ ਵਿਦਿਆਰਥੀਆਂ ਲਈ ਵਿਦਿਅਕ ਤੇ ਇਤਿਹਾਸਕ ਟੂਰ ਪੀਆਈਟੀ ਨੰਦਗੜ੍ਹ ਦੇ ਵਿਦਿਆਰਥੀਆਂ ਲਈ ਵਿਦਿਅਕ ਤੇ ਇਤਿਹਾਸਕ ਟੂਰ
Publish Date: Sun, 20 Sep 2026 05:09 PM (IST)
Updated Date: Mon, 21 Sep 2026 04:03 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ (ਪੀਆਈਟੀ) ਨੰਦਗੜ੍ਹ ਵੱਲੋਂ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਅਮੀਰ ਇਤਿਹਾਸਕ ਤੇ ਧਾਰਮਿਕ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਇਕ ਰੋਜ਼ਾ ਵਿਦਿਅਕ ਅਤੇ ਇਤਿਹਾਸਕ ਟੂਰ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਫ਼ਰੀਦਕੋਟ ਦੇ ਵੱਖ-ਵੱਖ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਗਏ। ਟੂਰ ਬੱਸ ਨੂੰ ਸੰਸਥਾ ਦੇ ਡਾਇਰੈਕਟਰ ਡਾ. ਦੇਵਾਨੰਦ ਉੱਤਮ ਅਤੇ ਅਸਿਸਟੈਂਟ ਡਾਇਰੈਕਟਰ ਡਾ. ਵਿਨੀਤ ਚਾਵਲਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆਂ ਨੂੰ ਕਲਾਸਰੂਮ ਦੀ ਪੜ੍ਹਾਈ ਦੇ ਨਾਲ-ਨਾਲ ਇਤਿਹਾਸ ਅਤੇ ਵਿਰਸੇ ਦੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਫ਼ਰੀਦਕੋਟ ਪਹੁੰਚਣ ’ਤੇ ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੇ ਪਵਿੱਤਰ ਅਸਥਾਨ ਟਿੱਲਾ ਬਾਬਾ ਫ਼ਰੀਦ ਜੀ ਦੇ ਦਰਸ਼ਨ ਕੀਤੇ। ਇਸ ਮੌਕੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਬਾਬਾ ਫ਼ਰੀਦ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਬਾਣੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਗੁਰਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਨਤਮਸਤਕ ਹੋ ਕੇ ਇਲਾਹੀ ਬਾਣੀ ਦਾ ਆਨੰਦ ਮਾਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਵਿਦਿਆਰਥੀਆਂ ਨੂੰ ਇਸ ਅਸਥਾਨ ਨਾਲ ਜੁੜੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਟੂਰ ਦੌਰਾਨ ਵਿਦਿਆਰਥੀਆਂ ਲਈ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਟੂਰ ਨੂੰ ਸਫ਼ਲ ਬਣਾਉਣ ਵਿੱਚ ਅਸਿਸਟੈਂਟ ਪ੍ਰੋਫੈਸਰ ਹਰਮਨਦੀਪ ਕੌਰ, ਅਰਸ਼ਦੀਪ ਕੌਰ, ਜਸ਼ਨਦੀਪ ਕੌਰ, ਗਗਨਦੀਪ ਕੌਰ, ਮਨਮੀਤ ਕੌਰ, ਰਾਜਵੰਤ ਕੌਰ, ਦਲਜੀਤ ਕੌਰ, ਇੰਸਟ੍ਰਕਟਰ ਸ਼ਿੰਦਰਪਾਲ ਕੌਰ, ਟੈਕਨੀਸ਼ੀਅਨ ਗੁਰਪ੍ਰਤੀਕ ਸਿੰਘ, ਲੈਬ ਅਟੈਂਡੈਂਟ ਸਵਰਨ ਸਿੰਘ ਅਤੇ ਕਲਰਕ ਅਨਿਲ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ। ਵਿਦਿਆਰਥੀਆਂ ਨੇ ਟੂਰ ਲਈ ਸੰਸਥਾ ਦੀ ਮੈਨੇਜਮੈਂਟ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ ਅਤੇ ਰਜਿਸਟਰਾਰ ਪ੍ਰੋ. (ਡਾ.) ਪਰਮਜੀਤ ਸਿੰਘ ਨੇ ਪੀਆਈਟੀ ਨੰਦਗੜ੍ਹ ਦੀ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ ਉਨ੍ਹਾਂ ਨੂੰ ਆਪਣੇ ਅਮੀਰ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਵਿੱਚ ਸਹਾਈ ਹੁੰਦੇ ਹਨ।