ਬਠਿੰਡਾ ਦੇ ਪਾਰਕ ਹਸਪਤਾਲ ’ਚ ਈਡੀ ਦੀ ਛਾਪੇਮਾਰੀ, ਹਰਿਆਣਾ ਨੰਬਰ ਦੀਆਂ ਗੱਡੀਆਂ ’ਚ ਪੁੱਜੀਆਂ ਟੀਮਾਂ ਬਠਿੰਡਾ ਦੇ ਪਾਰਕ ਹਸਪਤਾਲ ’ਚ ਈਡੀ ਦੀ ਛਾਪੇਮਾਰੀ, ਹਰਿਆਣਾ ਨੰਬਰ ਦੀਆਂ ਗੱਡੀਆਂ ’ਚ ਪੁੱਜੀਆਂ ਟੀਮਾਂ
Publish Date: Mon, 12 Oct 2026 06:23 PM (IST)
Updated Date: Mon, 12 Oct 2026 06:26 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ: ਪੰਜਾਬ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਨੂੰ ਲੈ ਕੇ ਉਸ ਸਮੇਂ ਹਲਚਲ ਮਚ ਗਈ, ਜਦੋਂ ਕੇਂਦਰੀ ਜਾਂਚ ਏਜੰਸੀ ਦੀਆਂ ਟੀਮਾਂ ਬਠਿੰਡਾ ਸਥਿਤ ਪਾਰਕ ਹਸਪਤਾਲ ਵਿਖੇ ਪਹੁੰਚੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਟੀਮਾਂ ਹਰਿਆਣਾ ਨੰਬਰ ਦੀਆਂ ਨਿੱਜੀ ਅਤੇ ਸਰਕਾਰੀ ਗੱਡੀਆਂ ਵਿੱਚ ਸਵਾਰ ਹੋ ਕੇ ਹਸਪਤਾਲ ਕੰਪਲੈਕਸ ਵਿੱਚ ਸਵੇਰੇ ਕਰੀਬ 7 ਵਜੇ ਪਹੁੰਚੀਆਂ। ਅਚਾਨਕ ਹੋਈ ਇਸ ਕਾਰਵਾਈ ਕਾਰਨ ਹਸਪਤਾਲ ਵਿੱਚ ਮੌਜੂਦ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਵਿੱਚ ਚਰਚਾ ਸ਼ੁਰੂ ਹੋ ਗਈ। ਜਾਣਕਾਰੀ ਅਨੁਸਾਰ ਈਡੀ ਦੀ 19 ਮੈਂਬਰੀ ਟੀਮ ਵੱਲੋਂ ਹਸਪਤਾਲ ਦੇ ਪ੍ਰਬੰਧਕੀ ਵਿੰਗ ਅਤੇ ਦਫ਼ਤਰਾਂ ਵਿੱਚ ਰਿਕਾਰਡ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਕਿਹੜੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ ਅਤੇ ਕਾਰਵਾਈ ਦਾ ਮੁੱਖ ਮਕਸਦ ਕੀ ਸੀ, ਇਸ ਬਾਰੇ ਹਾਲੇ ਤੱਕ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਏਜੰਸੀ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਮੱਦੇਨਜ਼ਰ ਹਸਪਤਾਲ ਵਿੱਚ ਆਉਣ-ਜਾਣ ਵਾਲੇ ਲੋਕਾਂ ਵਿੱਚ ਵੀ ਉਤਸੁਕਤਾ ਬਣੀ ਰਹੀ। ਹਸਪਤਾਲ ਵਿੱਚ ਜਾਂਚ ਟੀਮਾਂ ਦੀ ਮੌਜੂਦਗੀ ਅਤੇ ਕਾਰਵਾਈ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਈਡੀ ਦੀ ਇਸ ਕਾਰਵਾਈ ਦੇ ਪਿੱਛੇ ਵਿੱਤੀ ਲੈਣ ਦੇਣ ਦੱਸਿਆ ਜਾ ਰਿਹਾ ਹੈ। ਜਾਂਚ ਏਜੰਸੀ ਵੱਲੋਂ ਕਾਰਵਾਈ ਸਬੰਧੀ ਕੋਈ ਵਿਸਥਾਰਤ ਬਿਆਨ ਜਾਰੀ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਫਿਲਹਾਲ ਇਸ ਕਾਰਵਾਈ ਨੂੰ ਲੈ ਕੇ ਬਠਿੰਡਾ ਵਿੱਚ ਚਰਚਾ ਦਾ ਮਾਹੌਲ ਹੈ। ਜਾਂਚ ਏਜੰਸੀ ਵੱਲੋਂ ਅਧਿਕਾਰਤ ਜਾਣਕਾਰੀ ਜਾਰੀ ਕੀਤੇ ਜਾਣ ਤੋਂ ਬਾਅਦ ਹੀ ਛਾਪੇਮਾਰੀ ਦੇ ਅਸਲ ਕਾਰਨਾਂ ਅਤੇ ਜਾਂਚ ਨਾਲ ਜੁੜੇ ਤੱਥਾਂ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ।