ਸੇਂਟ ਜ਼ੇਵੀਅਰਜ਼ ਕਾਨਵੈਂਟ ਸਕੂਲ ਜੱਜਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਸੇਂਟ ਜ਼ੇਵੀਅਰਜ਼ ਕਾਨਵੈਂਟ ਸਕੂਲ ਜੱਜਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
Publish Date: Mon, 19 Oct 2026 04:43 PM (IST)
Updated Date: Mon, 19 Oct 2026 04:45 PM (IST)
ਨਸ਼ਿਆਂ ਵਿਰੁੱਧ ‘ਅੱਜ ਦਾ ਰਾਵਣ’ ਨੁੱਕੜ ਨਾਟਕ ਰਾਹੀਂ ਦਿੱਤਾ ਸਮਾਜਿਕ ਜਾਗਰੂਕਤਾ ਦਾ ਸੰਦੇਸ਼ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾ ਮੰਡੀ ਸੇਂਟ ਜ਼ੇਵੀਅਰਜ਼ ਕਾਨਵੈਂਟ ਸਕੂਲ, ਜੱਜਲ ਵਿਖੇ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ, ਮਨਮੋਹਕ ਝਾਕੀਆਂ, ਨਾਟਕੀ ਪੇਸ਼ਕਾਰੀਆਂ ਅਤੇ ਰਾਵਣ ਦਹਿਨ ਕੀਤਾ ਗਿਆ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨਾ ਸੀ। ਸਮਾਗਮ ਵਿੱਚ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਜੈਪਾਲ ਗਰਗ ਅਤੇ ਨਰਿੰਦਰ ਕੁਮਾਰ ਗੋਇਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ, ਜਦਕਿ ਸਕੂਲ ਦੀ ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਭਗਵਾਨ ਸ੍ਰੀ ਰਾਮ ਦੇ ਜੀਵਨ ’ਤੇ ਆਧਾਰਿਤ ਸੀਤਾ ਹਰਨ ਦੀ ਨਾਟਕੀ ਪੇਸ਼ਕਾਰੀ ਰਹੀ। ਵਿਦਿਆਰਥੀਆਂ ਨੇ ਆਪਣੀ ਅਦਾਕਾਰੀ ਰਾਹੀਂ ਸੱਚਾਈ, ਧਰਮ, ਮਰਿਆਦਾ ਅਤੇ ਨਿਆਂ ਦਾ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ, ‘ਅੱਜ ਦਾ ਰਾਵਣ’ ਸਿਰਲੇਖ ਹੇਠ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਪੇਸ਼ ਕਰਕੇ ਨਸ਼ਿਆਂ ਦੇ ਵਿਅਕਤੀ, ਪਰਿਵਾਰ ਅਤੇ ਸਮਾਜ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਦਰਸਾਇਆ ਗਿਆ। ਵਿਦਿਆਰਥੀਆਂ ਨੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਸਾਂਝੇ ਯਤਨ ਕਰਨ ਦੀ ਅਪੀਲ ਕੀਤੀ। ਇਸ ਉਪਰੰਤ ਰਾਵਣ ਦਹਿਨ ਕੀਤਾ ਗਿਆ, ਜੋ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਬਣਿਆ। ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਨੇ ਦੁਸਹਿਰੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਰਾਵਣ ਦਹਿਨ ਦਾ ਅਸਲ ਅਰਥ ਆਪਣੇ ਅੰਦਰਲੇ ਹੰਕਾਰ, ਕ੍ਰੋਧ ਅਤੇ ਲੋਭ ਵਰਗੇ ਔਗੁਣਾਂ ਨੂੰ ਖ਼ਤਮ ਕਰਨਾ ਹੈ। ਨਰਿੰਦਰ ਕੁਮਾਰ ਗੋਇਲ ਅਤੇ ਜੈਪਾਲ ਗਰਗ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ।