ਲੋਕ ਸਰਕਾਰਾਂ ਨੂੰ ਪੁੱਛਣਗੇ ਸਵਾਲ, ਨਸ਼ੇ ਕਿਉਂ ਨਹੀ ਬੰਦ ਕਰਵਾ ਸਕੇ : ਗਿਆਨੀ ਗੜਗੱਜ ਵੋਟਾਂ ਮੌਕੇ ਲੋਕ ਸਰਕਾਰਾਂ ਨੂੰ ਪੁੱਛਣਗੇ ਸਵਾਲ ਕਿ ਨਸ਼ੇ ਕਿਉਂ ਨਹੀ ਬੰਦ ਕਰਵਾ ਸਕੇ-ਗਿਆਨੀ ਕੁਲਦੀਪ ਸਿੰਘ ਗੜਗੱਜ
Publish Date: Sun, 15 Nov 2026 07:29 PM (IST)
Updated Date: Sun, 15 Nov 2026 07:30 PM (IST)
ਕਿਹਾ, ਸੋਨੀਆ ਗਾਂਧੀ ਦੀ ਕਿਤਾਬ ’ਚ ਸਾਕਾ ਨੀਲਾ ਤਾਰਾ ਬਾਰੇ ਤੱਥ ਗ਼ੈਰ-ਵਾਜਬ, ਕਾਂਗਰਸ ਕੀਤੇ ਗੁਨਾਹਾਂ ਦੀ ਕੌਮ ਤੋਂ ਮੰਗੇ ਮਾਫ਼ੀ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਪੰਜਾਬ ’ਚ ਮੌਜੂਦਾ ਸਮੇਂ ਵਗ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਠੱਲ੍ਹਣ ਦੀ ਲੋੜ ਹੈ ਕਿਉਂਕਿ ਜੇਕਰ ਨਸ਼ੇ ਬੰਦ ਨਾ ਕੀਤੇ ਜਾ ਸਕੇ ਤਾਂ ਪੰਜਾਬ ਨੂੰ ਆਉਣ ਵਾਲੇ ਸਮੇਂ ’ਚ ਬਹੁਤ ਭਿਆਨਕ ਖਮਿਆਜ਼ਾ ਭੁਗਤਣਾ ਪਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ ’ਚ ਸ਼ਮੂਲੀਅਤ ਉਪਰੰਤ ਗੱਲਬਾਤ ਕਰਦਿਆਂ ਕੀਤਾ। ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਸਬੰਧੀ ਸਵਾਲ ਦੇ ਜਵਾਬ ’ਚ ਸਿੰਘ ਸਾਹਿਬ ਨੇ ਕਿਹਾ ਕਿ ਮੁਹਿੰਮ ਦੀ ਸਫਲਤਾ ਬਾਰੇ ਲੋਕ ਬਿਹਤਰ ਜਾਣਦੇ ਹਨ ਕਿਉਂਕਿ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇ ਜਿੱਥੇ ‘ਚਿੱਟੇ’ ਜਾਂ ਸਿੰਥੈਟਿਕ ਡਰੱਗ ਦੀ ਭੇਟ ਕੋਈ ਨੌਜਵਾਨ ਨਾ ਚੜ੍ਹਿਆ ਹੋਵੇ। ਉਨਾਂ ਕਿਹਾ ਕਿ ਨਸ਼ਿਆਂ ਨੂੰ ਠੱਲ੍ਹਣ ਦੇ ਮਾਮਲੇ ’ਚ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਤੇ ਲੋਕ ਪਰਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਹੁਣ ਨਸ਼ਿਆਂ ਖਿਲਾਫ ਇਕਜੁੱਟ ਹਨ। ਹੁਣ ਜਿੱਥੇ ਉਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਨਿੱਤਰਣਗੇ, ਉੱਥੇ ਵੋਟਾਂ ਮੌਕੇ ਸਰਕਾਰਾਂ ਤੋਂ ਸਵਾਲ ਪੁੱਛਣਗੇ ਕਿ ਨਸ਼ੇ ਬੰਦ ਕਿਉਂ ਨਹੀ ਕਰਵਾ ਸਕੇ। ਸੋਨੀਆ ਗਾਂਧੀ ਵੱਲੋਂ ਆਪਣੀ ਕਿਤਾਬ ’ਚ ਸਾਕਾ ਨੀਲਾ ਤਾਰਾ ਨੂੰ ਕਰਵਾਉਣ ਪਿੱਛੇ ਤੱਤਕਾਲੀ ਸਰਕਾਰ ਦੀ ਮਜਬੂਰੀ ਸਬੰਧੀ ਪੇਸ਼ ਕੀਤੇ ਤੱਥਾਂ ਦੇ ਸਵਾਲ ’ਤੇ ਸਿੰਘ ਸਾਹਿਬ ਨੇ ਕਿਤਾਬ ’ਚ ਪੇਸ਼ ਤੱਥਾਂ ਨੂੰ ਗੈਰ-ਵਾਜਬ ਦੱਸਦਿਆਂ ਕਿਹਾ ਕਿ ਸੋਨੀਆ ਗਾਂਧੀ ਨੇ ਕਿਹਾ ਕਿ ਅੰਮ੍ਰਿਤਸਰ ਸਾਹਿਬ ’ਚ ਵੱਖਰਾ ਦੇਸ਼ ਬਣਾਉਣ ਦੀ ਯੋਜਨਾ ਉਲੀਕੀ ਜਾ ਰਹੀ ਸੀ, ਇਸ ਲਈ ਹਮਲਾ ਕਰਵਾਉਣਾ ਪਿਆ ਪਰ ਇਹ ਤੱਥ ਸੱਚਾਈ ਤੋਂ ਕੋਹਾਂ ਦੂਰ ਹਨ ਜਦੋਂਕਿ ਸੱਚਾਈ ਇਹ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਦੀ ਮਨਸ਼ਾ ਨਾਲ ਪਹਿਲਾਂ ਸਾਕਾ ਨੀਲਾ ਤਾਰਾ ਕਰਵਾਇਆ ਗਿਆ ਤੇ ਫਿਰ ਨਵੰਬਰ 1984 ’ਚ ਯੋਜਨਾਬੱਧ ਢੰਗ ਨਾਲ ਸਿੱਖਾਂ ਦੀ ਨਸਲਕੁਸ਼ੀ ਕਰਵਾਈ ਗਈ। ਸਿੱਖਾਂ ਖਿਲਾਫ ਕਾਂਗਰਸ ਸਰਕਾਰਾਂ ਵੱਲੋਂ ਅੰਜਾਮ ਦਿੱਤੇ ਕੰਮਾਂ ਨੂੰ ਜਾਇਜ਼ ਠਹਿਰਾਉਣ ਦੀ ਥਾਂ ਚਾਹੀਦਾ ਇਹ ਹੈ ਕਿ ਨਸਲਕੁਸ਼ੀ ਲਈ ਜ਼ਿੰਮੇਵਾਰ ਪਰਿਵਾਰ ਤੇ ਕਾਂਗਰਸ ਪਾਰਟੀ ਆਪਣੇ ਗੁਨਾਹਾਂ ਲਈ ਸਿੱਖ ਕੌਮ ਤੋਂ ਮਾਫ਼ੀ ਮੰਗੇ।