ਨਸ਼ਿਆਂ ਦੇ ਹੌਟਸਪੌਟ ਇਲਾਕਿਆਂ ਨੂੰ ਸਾਫ਼-ਸੁਥਰਾ ਤੇ ਵਰਤੋਂ ਯੋਗ ਬਣਾਇਆ ਜਾਵੇਗਾ: ਡੀਸੀ ਨਸ਼ਿਆਂ ਦੇ ਹੌਟਸਪੌਟ ਇਲਾਕਿਆਂ ਨੂੰ ਸਾਫ਼-ਸੁਥਰਾ ਤੇ ਵਰਤੋਂ ਯੋਗ ਬਣਾਇਆ ਜਾਵੇਗਾ: ਡਿਪਟੀ ਕਮਿਸ਼ਨਰ
Publish Date: Mon, 26 Oct 2026 05:50 PM (IST)
Updated Date: Mon, 26 Oct 2026 05:52 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਬਠਿੰਡਾ ਜ਼ਿਲ੍ਹੇ ਵਿਚ ਨਸ਼ਿਆਂ ਤੋਂ ਵਧੇਰੇ ਪ੍ਰਭਾਵਿਤ 20 ਹੌਟਸਪੌਟ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਥਾਵਾਂ ਨੂੰ ਨਸ਼ਿਆਂ ਦੀ ਸਮੱਸਿਆ ਤੋਂ ਮੁਕਤ ਕਰਨ ਦੇ ਨਾਲ-ਨਾਲ ਸਾਫ਼-ਸੁਥਰਾ ਬਣਾ ਕੇ ਆਮ ਲੋਕਾਂ ਦੀ ਵਰਤੋਂ ਯੋਗ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਪਛਾਣੀਆਂ ਗਈਆਂ ਇਨ੍ਹਾਂ ਥਾਵਾਂ ’ਤੇ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਗਸ਼ਤ ਵਧਾਈ ਗਈ ਹੈ। ਇਸ ਦੇ ਨਾਲ ਹੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਇਲਾਕਿਆਂ ਦਾ ਦੌਰਾ ਕਰਕੇ ਸਫ਼ਾਈ ਕਰਵਾਈ ਜਾ ਰਹੀ ਹੈ। ਜਿੱਥੇ ਲੋੜ ਹੋਵੇਗੀ, ਉੱਥੇ ਚਾਰਦੀਵਾਰੀ ਕਰਵਾਈ ਜਾਵੇਗੀ। ਇਨ੍ਹਾਂ ਥਾਵਾਂ ’ਤੇ ਰੌਸ਼ਨੀ ਦੇ ਪ੍ਰਬੰਧ ਲਈ ਲਾਈਟਾਂ ਲਾਉਣ ਦੇ ਨਾਲ-ਨਾਲ ਜ਼ਰੂਰਤ ਅਨੁਸਾਰ ਸੀਸੀਟੀਵੀ ਕੈਮਰੇ ਵੀ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਭੁੱਚੋ ਮੰਡੀ ਅਤੇ ਪਿੰਡ ਮਲੂਕਾ ਵਿਚ ਸਫ਼ਾਈ ਕਰਵਾਈ ਗਈ ਅਤੇ ਖੇਡ ਮੈਦਾਨਾਂ ਨਾਲ ਸਬੰਧਤ ਕੰਮ ਵੀ ਕੀਤੇ ਗਏ। ਪ੍ਰਸ਼ਾਸਨ ਦਾ ਉਦੇਸ਼ ਸੁੰਨੀਆਂ ਅਤੇ ਅਣਵਰਤੀਆਂ ਥਾਵਾਂ ਨੂੰ ਲੋਕਾਂ ਲਈ ਲਾਹੇਵੰਦ ਬਣਾਉਣਾ ਹੈ, ਤਾਂ ਜੋ ਇਨ੍ਹਾਂ ਦੀ ਵਰਤੋਂ ਨਸ਼ਿਆਂ ਲਈ ਨਾ ਹੋ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿਚ ਖੇਡ ਮੈਦਾਨਾਂ, ਖੇਡ ਕਿੱਟਾਂ ਜਾਂ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਹੈ, ਉੱਥੇ ਜ਼ਿਲ੍ਹਾ ਖੇਡ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜਲਦ ਹੀ ਪਿੰਡਾਂ ਵਿਚਕਾਰ ਵਾਲੀਬਾਲ ਅਤੇ ਕ੍ਰਿਕਟ ਟੂਰਨਾਮੈਂਟ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਦਾ ਮਕਸਦ ਨਸ਼ਿਆਂ ਦੀ ਰੋਕਥਾਮ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਅਤੇ ਸਿਹਤਮੰਦ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਹੈ।