- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਹਿਰ ’ਚ ਛਾਲ ਦਾ ਡਰਾਮਾ, ਸਵੇਰੇ ਘਰ ਪਰਤਿਆ ਨੌਜਵਾਨ, ਲਵ ਮੈਰਿਜ ਲਈ ਕੀਤਾ ਡਰਾਮਾ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਨਹਿਰ ’ਚ ਛਾਲ ਮਾਰਨ ਦੀ ਵੀਡੀਓ ਬਣਾ ਕੇ ਪਰਿਵਾਰ ਨੂੰ ਡਰਾ ਦੇਣ ਵਾਲੇ ਰਾਮਾ ਮੰਡੀ ਦੇ ਕਰੀਬ 20 ਸਾਲਾ ਨੌਜਵਾਨ ਨੇ ਅਗਲੇ ਦਿਨ ਸਵੇਰੇ ਘਰ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ। ਨੌਜਵਾਨ ਵੱਲੋਂ ਰਾਤ ਸਮੇਂ ਬਠਿੰਡਾ ਦੀ ਸਰਹਿੰਦ ਨਹਿਰ ਦੇ ਪੁਲ ’ਤੇ ਮੋਟਰਸਾਈਕਲ ਤੇ ਮੋਬਾਈਲ ਫੋਨ ਛੱਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਇਕ ਵੀਡੀਓ ਬਣਾ ਕੇ ਆਪਣੇ ਪਿਤਾ ਅਤੇ ਜਾਣਕਾਰਾਂ ਨੂੰ ਭੇਜੀ, ਜਿਸ ਵਿਚ ਕਥਿਤ ਤੌਰ ’ਤੇ ਨਹਿਰ ਵਿੱਚ ਛਾਲ ਮਾਰਨ ਦੀ ਗੱਲ ਕਹੀ ਗਈ। ਵੀਡੀਓ ਦੇਖਦਿਆਂ ਹੀ ਪਰਿਵਾਰ ਵਿੱਚ ਹਾਹਾਕਾਰ ਮੱਚ ਗਈ ਅਤੇ ਉਨ੍ਹਾਂ ਬਠਿੰਡਾ ਦੀ ਸਮਾਜ ਸੇਵੀ ਸੰਸਥਾਂ ਨੌਜਵਾਨ ਫੈਲਵੇਅਰ ਸੋਸਾਇਟੀ ਨੂੰ ਸੂਚਿਤ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੋਸਾਇਟੀ ਦੇ ਵਰਕਰਾਂ ਵੱਲੋਂ ਤੁਰੰਤ ਘਟਨਾ ਸਥਾਨ ’ਤੇ ਪੁੱਜ ਕੇ ਨੌਜਵਾਨ ਭਾਲ ਸ਼ੁਰੂ ਕਰ ਦਿੱਤੀ ਗਈ। ਰਾਤ ਦੇ ਹਨੇਰੇ ਦੇ ਬਾਵਜੂਦ ਟੀਮਾਂ ਨੇ ਨਹਿਰ ਦੇ ਕਿਨਾਰਿਆਂ ਅਤੇ ਆਸ-ਪਾਸ ਦੇ ਇਲਾਕੇ ਵਿਚ ਕਈ ਘੰਟਿਆਂ ਤੱਕ ਤਲਾਸ਼ੀ ਲਈ। ਸਰਹਿੰਦ ਨਹਿਰ ਮੌਕੇ ’ਤੇ ਨੌਜਵਾਨ ਦਾ ਮੋਟਰਸਾਈਕਲ ਤੇ ਮੋਬਾਈਲ ਫੋਨ ਮਿਲ ਗਿਆ, ਜਿਸ ਕਾਰਨ ਨਹਿਰ ਵਿਚ ਛਾਲ ਮਾਰਨ ਦੀ ਸ਼ੰਕਾ ਹੋਰ ਵਧ ਗਈ। ਹਾਲਾਂਕਿ ਤਲਾਸ਼ੀ ਦੌਰਾਨ ਅਜਿਹਾ ਕੋਈ ਸਪੱਸ਼ਟ ਸਬੂਤ ਨਹੀਂ ਮਿਲਿਆ, ਜਿਸ ਤੋਂ ਇਹ ਪੁਸ਼ਟੀ ਹੋ ਸਕੇ ਕਿ ਨੌਜਵਾਨ ਨੇ ਨਹਿਰ ਵਿਚ ਛਾਲ ਮਾਰੀ ਹੈ। ਨਹਿਰ ਦੇ ਕਿਨਾਰੇ ਪੈਰਾਂ ਦੇ ਨਿਸ਼ਾਨ, ਮਿੱਟੀ ਖਿਸਕਣ ਜਾਂ ਪਾਣੀ ਵਿਚ ਡਿੱਗਣ ਨਾਲ ਸਬੰਧਤ ਕੋਈ ਸਪੱਸ਼ਟ ਨਿਸ਼ਾਨ ਵੀ ਸਾਹਮਣੇ ਨਹੀਂ ਆਇਆ। ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਰਾਤ ਦਾ ਹਨੇਰਾ ਵਧਣ ਕਾਰਨ ਭਾਲ ਮੁਹਿੰਮ ਨੂੰ ਰੋਕਣਾ ਪਿਆ। ਇਸ ਦੌਰਾਨ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰਕ ਮੈਂਬਰ ਰਾਤ ਭਰ ਉਸ ਦੀ ਸਲਾਮਤੀ ਨੂੰ ਲੈ ਕੇ ਚਿੰਤਤ ਰਹੇ। ਸਵੇਰੇ ਜਦੋਂ ਨੌਜਵਾਨ ਖੁਦ ਸਹੀ-ਸਲਾਮਤ ਘਰ ਪਹੁੰਚਿਆ ਤਾਂ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਨੌਜਵਾਨ ਦੇ ਘਰ ਪਰਤਣ ਤੋਂ ਬਾਅਦ ਮੁੱਢਲੀ ਜਾਣਕਾਰੀ ਵਿਚ ਇਹ ਗੱਲ ਸਾਹਮਣੇ ਆਈ ਕਿ ਨਹਿਰ ਵਿਚ ਛਾਲ ਮਾਰਨ ਦੀ ਘਟਨਾ ਅਸਲ ਵਿਚ ਵਾਪਰੀ ਹੀ ਨਹੀਂ ਸੀ। ਕਥਿਤ ਤੌਰ ’ਤੇ ਨੌਜਵਾਨ ਨੇ ਆਪਣੀ ਪਸੰਦ ਦੀ ਲੜਕੀ ਨਾਲ ਲਵ ਮੈਰਿਜ ਕਰਵਾਉਣ ਲਈ ਪਰਿਵਾਰ ’ਤੇ ਦਬਾਅ ਬਣਾਉਣ ਵਾਸਤੇ ਇਹ ਸਾਰਾ ਡਰਾਮਾ ਰਚਿਆ। ਹਾਲਾਂਕਿ ਇਸ ਮਾਮਲੇ ਦੇ ਹੋਰ ਪੱਖਾਂ ਬਾਰੇ ਪੁਲਿਸ ਵੱਲੋਂ ਅਜੇ ਅਧਿਕਾਰਤ ਤੌਰ ’ਤੇ ਪੂਰੀ ਪੁਸ਼ਟੀ ਨਹੀਂ ਹੋ ਸਕੀ, ਪਰ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਜਾਣਕਾਰੀ ਮਿਲੀ ਹੈ ਕਿ ਨੌਜਵਾਨ ਲਵ ਮੈਰਿਜ ਕਰਵਾਉਣਾ ਚਾਹੁੰਦਾ ਸੀ, ਜਿਸ ਕਾਰਨ ਉਸਨੇ ਇਹ ਡਰਾਮਾ ਰਚਿਆ ਸੀ।
ਲੋਕ ਅਜਿਹੀ ਝੂਠੀ ਜਾਣਕਾਰੀ ਦੇਣ ਤੋਂ ਬਚਣ
ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਦਾ ਸੀ ਕਿ ਕਿਸੇ ਵਿਅਕਤੀ ਵੱਲੋਂ ਨਹਿਰ ਵਿਚ ਛਾਲ ਮਾਰਨ ਜਾਂ ਲਾਪਤਾ ਹੋਣ ਦੀ ਸੂਚਨਾ ਮਿਲਣ ’ਤੇ ਕਿਸੇ ਵੀ ਤਰ੍ਹਾਂ ਦਾ ਜੋਖ਼ਮ ਨਹੀਂ ਲਿਆ ਜਾਂਦਾ ਅਤੇ ਤੁਰੰਤ ਭਾਲ ਸ਼ੁਰੂ ਕੀਤੀ ਜਾਂਦੀ ਹੈ। ਇਸ ਮਾਮਲੇ ਵਿੱਚ ਵੀ ਟੀਮਾਂ ਨੇ ਰਾਤ ਦੇ ਸਮੇਂ ਕਈ ਘੰਟੇ ਮਿਹਨਤ ਕੀਤੀ। ਉਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਝੂਠੀਆਂ ਜਾਂ ਗੁੰਮਰਾਹਕੁੰਨ ਸੂਚਨਾਵਾਂ ਕਾਰਨ ਬਚਾਅ ਟੀਮਾਂ ਦਾ ਕੀਮਤੀ ਸਮਾਂ ਤੇ ਸਰੋਤ ਖਰਚ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਵਿਚ ਸੰਸਥਾਂ ਨੂੰ ਝੂਠੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਝੂਠੀ ਜਾਣਕਾਰੀ ਦੇਣ ਤੋਂ ਬਚਣ।