ਡਾ. ਰਿੰਪੀ ਰਾਣੀ ਬਣੇ ਟੀਪੀਡੀ ਮਾਲਵਾ ਕਾਲਜ ਦੇ ਇੰਚਾਰਜ ਡਾ. ਰਿੰਪੀ ਰਾਣੀ ਬਣੇ ਟੀਪੀਡੀ ਮਾਲਵਾ ਕਾਲਜ ਦੇ ਇੰਚਾਰਜ
Publish Date: Fri, 30 Oct 2026 05:39 PM (IST)
Updated Date: Sat, 31 Oct 2026 04:02 AM (IST)
ਮਨਪ੍ਰੀਤ ਸਿੰਘ ਗਿੱਲ ਪੰਜਾਬੀ ਜਾਗਰਣ, ਰਾਮਪੁਰਾ ਫੂਲ : ਪੰਜਾਬੀ ਯੂਨੀਵਰਸਿਟੀ ਦੇ ਟੀਪੀਡੀ ਮਾਲਵਾ ਕਾਲਜ ਨੇਬਰਹੁੱਡ ਕੈਂਪਸ, ਰਾਮਪੁਰਾ ਫੂਲ ਵਿਖੇ ਡਾ. ਰਿੰਪੀ ਰਾਣੀ ਨੇ ਬਤੌਰ ਇੰਚਾਰਜ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਗੁਲਦਸਤੇ ਭੇਟ ਕਰਕੇ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਡਾ. ਰਿੰਪੀ ਰਾਣੀ ਸਾਲ 2002 ਤੋਂ ਕਾਲਜ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। 24 ਸਾਲਾਂ ਦੇ ਲੰਮੇ ਅਕਾਦਮਿਕ ਸਫ਼ਰ ਦੌਰਾਨ ਉਨ੍ਹਾਂ ਨੇ ਆਪਣੀ ਮਿਹਨਤ, ਲਗਨ ਅਤੇ ਸਮਰਪਣ ਨਾਲ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ। ਉਨ੍ਹਾਂ ਦੇ ਤਜਰਬੇ ਅਤੇ ਯੋਗਤਾ ਨੂੰ ਦੇਖਦਿਆਂ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਅਹੁਦਾ ਸੰਭਾਲਣ ਉਪਰੰਤ ਡਾ. ਰਿੰਪੀ ਰਾਣੀ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਪਰਿਵਾਰ ਨੂੰ ਦਿੰਦਿਆਂ ਆਪਣੇ ਪਤੀ ਮਹੇਸ਼ ਗੁਪਤਾ ਵੱਲੋਂ ਮਿਲੇ ਨਿਰੰਤਰ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਸਾਥ ਉਨ੍ਹਾਂ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਿਹਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਬੇਟੀ ਗਰੀਮਾ ਗੁਪਤਾ ਐੱਮਬੀਬੀਐੱਸ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਐੱਮਡੀ ਕਰ ਰਹੀ ਹੈ, ਜਦਕਿ ਪੁੱਤਰ ਅਨਮੋਲ ਗੁਪਤਾ ਹੈਦਰਾਬਾਦ ਵਿਖੇ ਇਕ ਨਾਮਵਰ ਆਈਟੀ ਕੰਪਨੀ ਵਿਚ ਸੇਵਾਵਾਂ ਨਿਭਾਅ ਰਿਹਾ ਹੈ। ਡਾ. ਰਿੰਪੀ ਰਾਣੀ ਦੀ ਨਿਯੁਕਤੀ ਨੂੰ ਕਾਲਜ ਦੇ ਅਕਾਦਮਿਕ ਅਤੇ ਪ੍ਰਬੰਧਕੀ ਵਿਕਾਸ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਕੈਂਪਸ ਵਿਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਵੇਂ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਸਮਾਜਿਕ ਤੇ ਵਿੱਦਿਅਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੀ ਡਾ. ਰਿੰਪੀ ਰਾਣੀ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।