ਜੀਕੇਯੂ ਦੀ ਡਾ. ਮਨੀਤਾ ਪਨੇਰੀ ਦੇ ਖੋਜ ਪੱਤਰ ਨੂੰ 22ਵੀਂ ਅੰਤਰਰਾਸ਼ਟਰੀ ਗੋਸ਼ਠੀ ’ਚ ਮਿਲਿਆ ਪਹਿਲਾ ਸਥਾਨ ਜੀਕੇਯੂ ਦੀ ਡਾ. ਮਨੀਤਾ ਪਨੇਰੀ ਦੇ ਖੋਜ ਪੱਤਰ ਨੂੰ 22ਵੀਂ ਅੰਤਰਰਾਸ਼ਟਰੀ ਗੋਸ਼ਠੀ ਵਿਚ ਮਿਲਿਆ ਪਹਿਲਾ ਸਥਾਨ
Publish Date: Mon, 02 Nov 2026 04:25 PM (IST)
Updated Date: Mon, 02 Nov 2026 04:26 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਡਾ. ਮਨੀਤਾ ਪਨੇਰੀ ਨੇ ਖੋਜ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀ ਦਰਜ ਕਰਦਿਆਂ 22ਵੀਂ ਅੰਤਰਰਾਸ਼ਟਰੀ ਸਾਈਕਲੋਡੈਕਸਟ੍ਰਿਨ ਗੋਸ਼ਠੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਕਾਲਜ ਆਫ਼ ਫਾਰਮੇਸੀ, ਮੋਗਾ ਵਿਖੇ ਰਾਸ਼ਟਰੀ ਅਨੁਸੰਧਾਨ ਰਿਸਰਚ ਫਾਊਂਡੇਸ਼ਨ ਅਤੇ ਫਾਰਮੇਸੀ ਕੌਂਸਲ ਆਫ਼ ਇੰਡੀਆ ਵੱਲੋਂ ਕਰਵਾਈ ਗਈ ਇਸ ਗੋਸ਼ਠੀ ਦੇ ਬਾਇਓਟੈਕਨਾਲੋਜੀ ਅਤੇ ਜੀਵ-ਵਿਗਿਆਨ ਸੈਸ਼ਨ ਵਿੱਚ ਉਨ੍ਹਾਂ ਦੀ ਖੋਜ ਪੇਸ਼ਕਾਰੀ ਨੂੰ ਪਹਿਲਾ ਸਥਾਨ ਮਿਲਿਆ। ਡਾ. ਮਨੀਤਾ ਪਨੇਰੀ ਦੀ ਖੋਜ ਪੇਸ਼ਕਾਰੀ ਓਐਕਸਏ ਕਿਸਮ ਦੇ ਬੈਕਟੀਰੀਆ ਦੇ ਜੀਨੋਮਿਕ ਅਧਿਐਨ ’ਤੇ ਆਧਾਰਿਤ ਸੀ। ਇਸ ਵਿਚ ਹਸਪਤਾਲਾਂ ਦੇ ਇੰਟੈਂਸਿਵ ਕੇਅਰ ਯੂਨਿਟਾਂ (ਆਈਸੀਯੂ) ਵਿਚ ਦਾਖਲ ਮਰੀਜ਼ਾਂ ਨੂੰ ਵੈਂਟੀਲੇਟਰ ਰਾਹੀਂ ਹੋਣ ਵਾਲੀਆਂ ਲਾਗਾਂ ਅਤੇ ਦਵਾਈਆਂ ਪ੍ਰਤੀ ਰੋਧਕ ਬੈਕਟੀਰੀਆ ਨਾਲ ਜੁੜੇ ਪਹਿਲੂਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਹ ਖੋਜ ਹਸਪਤਾਲਾਂ ਵਿਚ ਇਨਫੈਕਸ਼ਨ ਦੀ ਪਛਾਣ, ਇਸ ਦੇ ਫੈਲਾਅ ਨੂੰ ਰੋਕਣ ਅਤੇ ਮਰੀਜ਼ਾਂ ਦੇ ਬਿਹਤਰ ਇਲਾਜ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ। ਇਸ ਪ੍ਰਾਪਤੀ ’ਤੇ ਡਾ. ਮਨੀਤਾ ਪਨੇਰੀ ਨੂੰ ਵਧਾਈ ਦਿੰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਕਿਹਾ ਕਿ ਅਜਿਹੀਆਂ ਖੋਜਾਂ ਮਰੀਜ਼ਾਂ ਦੇ ਬਿਹਤਰ ਇਲਾਜ ਅਤੇ ਸਿਹਤ ਸੇਵਾਵਾਂ ਵਿਚ ਸੁਧਾਰ ਲਈ ਅਹਿਮ ਯੋਗਦਾਨ ਪਾ ਸਕਦੀਆਂ ਹਨ। ਪ੍ਰੋ-ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਆਪਣੇ ਵਧਾਈ ਸੰਦੇਸ਼ ਵਿਚ ਕਿਹਾ ਕਿ ਡਾ. ਮਨੀਤਾ ਪਨੇਰੀ ਦੀ ਇਹ ਪ੍ਰਾਪਤੀ ਯੂਨੀਵਰਸਿਟੀ ਦੀ ਖੋਜ ਅਤੇ ਗੁਣਵੱਤਾਪੂਰਨ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਖੋਜਕਾਰ ਨੂੰ ਭਵਿੱਖ ਵਿਚ ਹੋਰ ਉੱਚੇ ਟੀਚੇ ਮਿੱਥਣ ਅਤੇ ਲੋਕਾਈ ਦੇ ਭਲੇ ਲਈ ਖੋਜ ਕਾਰਜ ਜਾਰੀ ਰੱਖਣ ਵਾਸਤੇ ਪ੍ਰੇਰਿਤ ਕੀਤਾ। ਆਪਣੀ ਖੋਜ ਬਾਰੇ ਜਾਣਕਾਰੀ ਦਿੰਦਿਆਂ ਡਾ. ਮਨੀਤਾ ਪਨੇਰੀ ਨੇ ਕਿਹਾ ਕਿ ਐਂਟੀਮਾਈਕ੍ਰੋਬਾਇਲ ਦਵਾਈਆਂ ਪ੍ਰਤੀ ਬੈਕਟੀਰੀਆ ਵਿਚ ਵਧ ਰਹੇ ਰੋਧਕ ਸਮਰੱਥਾ ਦੇ ਰੁਝਾਨ ਨੂੰ ਸਮੇਂ ਸਿਰ ਕਾਬੂ ਕਰਨਾ ਬੇਹੱਦ ਜ਼ਰੂਰੀ ਹੈ। ਜੇਕਰ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਸਿਹਤ ਖੇਤਰ ਲਈ ਗੰਭੀਰ ਚੁਣੌਤੀ ਬਣ ਸਕਦੀ ਹੈ।