ਦੋਹਰੀ ਹੜਤਾਲ ਕਾਰਨ ਸਰਕਾਰੀ ਕੰਮਕਾਜ ਠੱਪ, ਸੇਵਾ ਕੇਂਦਰਾਂ ਤੋਂ ਤਹਿਸੀਲਾਂ ਤਕ ਲੋਕ ਖੱਜਲ ਖੁਆਰ
ਜ਼ਿਲ੍ਹੇ ’ਚ ਸਰਕਾਰੀ ਸੇਵਾਵਾਂ ਨਾਲ ਜੁੜੇ ਕੰਮ ਕਰਵਾਉਣ ਲਈ ਆਮ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਸਰਕਾਰੀ ਕਰਮਚਾਰੀਆਂ ਦੀ ਦੋਹਰੀ ਹੜਤਾਲ ਦਾ ਅਸਰ ਸ਼ੁੱਕਰਵਾਰ ਨੂੰ ਵੀ ਸਪੱਸ਼ਟ ਤੌਰ ਤੇ ਵੇਖਣ ਨੂੰ ਮਿਲਿਆ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੀ ਦੋ ਦਿਨਾਂ ਹੜਤਾਲ ਖਤਮ ਹੋਣ ਦੇ ਬਾਵਜੂਦ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਆਪਣਾ ਰੋਸ ਜਾਰੀ ਰੱਖਿਆ। ਇਸ ਦੇ ਨਾਲ ਹੀ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਦੀ ਕਲਮ ਛੱਡ ਹੜਤਾਲ ਵੀ ਦੂਜੇ ਦਿਨ ਵਿੱਚ ਦਾਖਲ ਹੋ ਗਈ, ਜਿਸ ਕਾਰਨ ਤਹਿਸੀਲਾਂ, ਸਰਕਾਰੀ ਦਫ਼ਤਰਾਂ ਤੇ ਸੇਵਾ ਕੇਂਦਰਾਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਮਨਿਸਟੀਰੀਅਲ ਕਰਮਚਾਰੀਆਂ ਦੀ ਗ
Publish Date: Fri, 07 Aug 2026 04:14 PM (IST)
Updated Date: Fri, 07 Aug 2026 04:16 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ - ਜ਼ਿਲ੍ਹੇ ’ਚ ਸਰਕਾਰੀ ਸੇਵਾਵਾਂ ਨਾਲ ਜੁੜੇ ਕੰਮ ਕਰਵਾਉਣ ਲਈ ਆਮ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਸਰਕਾਰੀ ਕਰਮਚਾਰੀਆਂ ਦੀ ਦੋਹਰੀ ਹੜਤਾਲ ਦਾ ਅਸਰ ਸ਼ੁੱਕਰਵਾਰ ਨੂੰ ਵੀ ਸਪੱਸ਼ਟ ਤੌਰ ਤੇ ਵੇਖਣ ਨੂੰ ਮਿਲਿਆ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੀ ਦੋ ਦਿਨਾਂ ਹੜਤਾਲ ਖਤਮ ਹੋਣ ਦੇ ਬਾਵਜੂਦ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਆਪਣਾ ਰੋਸ ਜਾਰੀ ਰੱਖਿਆ। ਇਸ ਦੇ ਨਾਲ ਹੀ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਦੀ ਕਲਮ ਛੱਡ ਹੜਤਾਲ ਵੀ ਦੂਜੇ ਦਿਨ ਵਿੱਚ ਦਾਖਲ ਹੋ ਗਈ, ਜਿਸ ਕਾਰਨ ਤਹਿਸੀਲਾਂ, ਸਰਕਾਰੀ ਦਫ਼ਤਰਾਂ ਤੇ ਸੇਵਾ ਕੇਂਦਰਾਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਮਨਿਸਟੀਰੀਅਲ ਕਰਮਚਾਰੀਆਂ ਦੀ ਗੈਰ ਹਾਜ਼ਰੀ ਕਾਰਨ ਤਹਿਸੀਲਾਂ ਵਿੱਚ ਜ਼ਮੀਨ, ਮਕਾਨ ਅਤੇ ਹੋਰ ਜਾਇਦਾਦਾਂ ਦੀਆਂ ਰਜਿਸਟਰੀਆਂ ਦਾ ਕੰਮ ਪ੍ਰਭਾਵਿਤ ਹੋਇਆ। ਪਹਿਲਾਂ ਤੋਂ ਆਨਲਾਈਨ ਅਪਾਇੰਟਮੈਂਟ ਲੈ ਕੇ ਪਹੁੰਚੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ।
ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਫਾਈਲਾਂ ਦੀ ਜਾਂਚ ਅਤੇ ਮਨਜ਼ੂਰੀ ਦੀ ਪ੍ਰਕਿਰਿਆ ਵੀ ਸੁਸਤ ਰਹੀ, ਜਿਸ ਕਾਰਨ ਕਈ ਜ਼ਰੂਰੀ ਮਾਮਲੇ ਲੰਬਿਤ ਹੋ ਗਏ। ਜਨਮ ਅਤੇ ਮੌਤ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਪੈਨਸ਼ਨ ਅਤੇ ਹੋਰ ਸਰਕਾਰੀ ਸੇਵਾਵਾਂ ਨਾਲ ਸੰਬੰਧਿਤ ਅਰਜ਼ੀਆਂ ਵੀ ਪ੍ਰਭਾਵਿਤ ਹੋਈਆਂ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਬਾਂਸਲ ਨੇ ਦੱਸਿਆ ਕਿ ਕਰਮਚਾਰੀ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਸਮੂਹਿਕ ਛੁੱਟੀ ਲੈ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਉਨ੍ਹਾਂ ਦੇ ਅਨੁਸਾਰ ਸੋਮਵਾਰ ਨੂੰ ਯੂਨੀਅਨ ਦੀ ਮੀਟਿੰਗ ਬੁਲਾਈ ਜਾਵੇਗੀ, ਜਿਸ ’ਚ ਅਗਲੇ ਸੰਘਰਸ਼ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਅੰਦੋਲਨ ਨੂੰ ਕੁਝ ਦਿਨਾਂ ਲਈ ਜਾਰੀ ਰੱਖਿਆ ਜਾਵੇ ਜਾਂ ਫਿਰ ਇਸ ਨੂੰ ਹੋਰ ਤੇਜ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀਆਂ ਮੁੱਖ ਮੰਗਾਂ ’ਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬਕਾਇਆ ਡੀਏ ਦੀ ਅਦਾਇਗੀ, ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਅਤੇ ਹੋਰ ਸੇਵਾ ਸਬੰਧੀ ਮੰਗਾਂ ਨੂੰ ਪੂਰਾ ਕਰਨਾ ਸ਼ਾਮਲ ਹੈ। ਦੂਜੇ ਪਾਸੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਦੀ ਹੜਤਾਲ ਦਾ ਅਸਰ ਵੀ ਲਗਾਤਾਰ ਦੂਜੇ ਦਿਨ ਜਾਰੀ ਰਿਹਾ। ਜ਼ਿਲ੍ਹੇ ਦੇ 32 ਸੇਵਾ ਕੇਂਦਰਾਂ ’ਚ ਸਰਕਾਰੀ ਸੇਵਾਵਾਂ ਲਈ ਅਰਜ਼ੀਆਂ ਦੀ ਪ੍ਰਕਿਰਿਆ ਲਗਭਗ ਠੱਪ ਰਹੀ। ਕਰਮਚਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਗਾਰਡਾਂ, ਸਫਾਈ ਕਰਮਚਾਰੀਆਂ ਅਤੇ ਡੋਰ-ਸਟੈਪ ਡਿਲੀਵਰੀ ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ।
ਇਸ ਤੋਂ ਇਲਾਵਾ ਡੋਰ-ਸਟੈਪ ਡਿਲੀਵਰੀ ਕਰਮਚਾਰੀਆਂ ਦਾ ਯਾਤਰਾ ਭੱਤਾ ਵੀ ਲੰਬੇ ਸਮੇਂ ਤੋਂ ਬਕਾਇਆ ਹੈ। ਤਨਖ਼ਾਹ ਨਾ ਮਿਲਣ ਕਾਰਨ ਕਰਮਚਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹੜਤਾਲ ਦਾ ਰਾਹ ਅਪਣਾਉਣਾ ਪਿਆ। ਸੇਵਾ ਕੇਂਦਰਾਂ ਦੇ ਬੰਦ ਰਹਿਣ ਕਾਰਨ ਹਰ ਰੋਜ਼ ਆਉਣ ਵਾਲੇ ਸੈਂਕੜੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ। ਲੋਕ ਜ਼ਮੀਨ ਨਾਲ ਸੰਬੰਧਿਤ ਕੰਮ, ਵੱਖ-ਵੱਖ ਸਰਟੀਫਿਕੇਟ ਅਤੇ ਹੋਰ ਸਰਕਾਰੀ ਸੇਵਾਵਾਂ ਲਈ ਕੇਂਦਰਾਂ ਵਿੱਚ ਪਹੁੰਚੇ, ਪਰ ਕਰਮਚਾਰੀਆਂ ਦੀ ਗੈਰਹਾਜ਼ਰੀ ਕਾਰਨ ਉਨ੍ਹਾਂ ਦਾ ਕੋਈ ਵੀ ਕੰਮ ਨਹੀਂ ਹੋ ਸਕਿਆ। ਕਈ ਲੋਕਾਂ ਨੇ ਦੱਸਿਆ ਕਿ ਉਹ ਦੂਰ-ਦੁਰਾਡੇ ਪਿੰਡਾਂ ਤੋਂ ਆਏ ਸਨ, ਪਰ ਕੰਮ ਨਾ ਹੋਣ ਕਾਰਨ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਵਿਅਰਥ ਗਏ। ਦੋਵੇਂ ਕਰਮਚਾਰੀ ਜਥੇਬੰਦੀਆਂ ਦੇ ਸੰਘਰਸ਼ ਕਾਰਨ ਜ਼ਿਲ੍ਹੇ ’ਚ ਸਰਕਾਰੀ ਸੇਵਾਵਾਂ ਦੀ ਰਫ਼ਤਾਰ ਕਾਫ਼ੀ ਹੱਦ ਤਕ ਪ੍ਰਭਾਵਿਤ ਹੋ ਗਈ ਹੈ। ਇਕ ਪਾਸੇ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਤੋਂ ਹੱਲ ਦੀ ਉਮੀਦ ਕਰ ਰਹੇ ਹਨ, ਜਦਕਿ ਦੂਜੇ ਪਾਸੇ ਆਮ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਜ਼ਰੂਰੀ ਕੰਮਾਂ ਲਈ ਸਰਕਾਰੀ ਦਫ਼ਤਰਾਂ ਅਤੇ ਸੇਵਾ ਕੇਂਦਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਹੁਣ ਸਭ ਦੀਆਂ ਨਜ਼ਰਾਂ ਸੋਮਵਾਰ ਨੂੰ ਹੋਣ ਵਾਲੀ ਯੂਨੀਅਨ ਦੀ ਮੀਟਿੰਗ ਅਤੇ ਸਰਕਾਰ ਦੇ ਅਗਲੇ ਕਦਮ ਤੇ ਟਿਕੀਆਂ ਹੋਈਆਂ ਹਨ।