ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦਿਖਾਈ ਇਮਾਨਦਾਰੀ ਦੀ ਮਿਸਾਲ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦਿਖਾਈ ਇਮਾਨਦਾਰੀ ਦੀ ਮਿਸਾਲ
Publish Date: Sat, 25 Jul 2026 05:21 PM (IST)
Updated Date: Sat, 25 Jul 2026 05:23 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਦੇ ਡਾਕਟਰਾਂ ਅਤੇ ਸਟਾਫ਼ ਨੇ ਇਮਾਨਦਾਰੀ ਅਤੇ ਫਰਜ਼ ਪ੍ਰਤੀ ਨਿਭਾਈ ਜ਼ਿੰਮੇਵਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਸੜਕ ਹਾਦਸੇ ਵਿਚ ਜ਼ਖ਼ਮੀ ਹੋਈ ਇਕ ਔਰਤ ਦੇ ਕੀਮਤੀ ਸੋਨੇ ਦੇ ਗਹਿਣੇ ਸੁਰੱਖਿਅਤ ਰੱਖ ਕੇ ਹਸਪਤਾਲ ਪ੍ਰਬੰਧਕਾਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਕਰ ਦਿੱਤੇ। ਜਾਣਕਾਰੀ ਅਨੁਸਾਰ 21 ਜੁਲਾਈ 2026 ਨੂੰ ਤੜਕੇ ਕਰੀਬ 2:10 ਵਜੇ ਅਮਨਦੀਪ ਕੌਰ ਪਤਨੀ ਪ੍ਰਦੀਪ ਸਿੰਘ, ਵਾਸੀ ਪਿੰਡ ਬੀਰ ਬਾਕਰਪੁਰ, ਮੋਹਾਲੀ, ਆਪਣੀ ਭੈਣ ਨੂੰ ਮਿਲ ਕੇ ਫਰੀਦਕੋਟ ਤੋਂ ਮਾਨਸਾ ਵੱਲ ਵਾਪਸ ਜਾ ਰਹੀ ਸੀ। ਤਲਵੰਡੀ ਸਾਬੋ ਨੇੜੇ ਉਸ ਦੀ ਕਾਰ ਸੜਕ ਕਿਨਾਰੇ ਖੜ੍ਹੇ ਟਰੈਕਟਰ-ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। 108 ਐਂਬੂਲੈਂਸ ਰਾਹੀਂ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਜਾਇਆ ਗਿਆ, ਜਿੱਥੋਂ ਗੰਭੀਰ ਹਾਲਤ ਦੇ ਚਲਦਿਆਂ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ ਗਿਆ। ਇੱਥੇ ਡਿਊਟੀ ਤੇ ਤਾਇਨਾਤ ਡਾ. ਅੰਜੂ ਬਾਂਸਲ, ਡਾ. ਅਮਿਤ ਕੰਬੋਜ ਅਤੇ ਨਰਸਿੰਗ ਸਟਾਫ਼ ਨੇ ਉਸ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ, ਗਲੇ ਦੀ ਚੇਨ ਅਤੇ ਹੋਰ ਗਹਿਣੇ ਸੁਰੱਖਿਅਤ ਆਪਣੇ ਕੋਲ ਰੱਖ ਲਏ ਅਤੇ ਇਲਾਜ ਸ਼ੁਰੂ ਕਰ ਦਿੱਤਾ। ਹਾਦਸੇ ਕਾਰਨ ਔਰਤ ਉਸ ਸਮੇਂ ਪੂਰੀ ਤਰ੍ਹਾਂ ਹੋਸ਼ ਵਿਚ ਨਹੀਂ ਸੀ, ਜਿਸ ਕਾਰਨ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ। ਬਾਅਦ ਵਿਚ ਹੋਸ਼ ਆਉਣ ਤੇ ਔਰਤ ਨੇ ਆਪਣੇ ਪਤੀ ਦਾ ਮੋਬਾਈਲ ਨੰਬਰ ਦਿੱਤਾ, ਜਿਸ ਰਾਹੀਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਸਿਵਲ ਹਸਪਤਾਲ ਦੇ ਐਸਐਮਓ ਡਾ. ਅਰੁਣ ਬਾਂਸਲ ਅਤੇ ਡਾ. ਅਮਿਤ ਕੰਬੋਜ ਦੀ ਮੌਜੂਦਗੀ ਵਿਚ ਐਮਰਜੈਂਸੀ ਵਾਰਡ ਦੇ ਸਟਾਫ਼ ਨੇ ਸਾਰੇ ਗਹਿਣੇ ਮਹਿਲਾ ਦੇ ਪਤੀ ਨੂੰ ਸੌਂਪ ਦਿੱਤੇ। ਹਸਪਤਾਲ ਪ੍ਰਬੰਧਕਾਂ ਦੀ ਇਸ ਕਾਰਵਾਈ ਦੀ ਪਰਿਵਾਰ ਨੇ ਸ਼ਲਾਘਾ ਕੀਤੀ ਅਤੇ ਇਸ ਨੂੰ ਸਿਹਤ ਕਰਮਚਾਰੀਆਂ ਦੀ ਇਮਾਨਦਾਰੀ ਅਤੇ ਫਰਜ਼ ਪ੍ਰਤੀ ਸਮਰਪਣ ਦੀ ਮਿਸਾਲ ਦੱਸਿਆ।