ਡੀਐੱਮ ਸਕੂਲ ਕਰਾੜਵਾਲਾ ਨੇ ਜਿੱਤੇ ਪੰਜ ਤਗਮੇ ਡੀਐੱਮ ਸਕੂਲ ਕਰਾੜਵਾਲਾ ਨੇ ਜਿੱਤੇ ਪੰਜ ਤਗਮੇ
Publish Date: Thu, 22 Oct 2026 04:11 PM (IST)
Updated Date: Thu, 22 Oct 2026 04:13 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ:- ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਵਿਚ ਡੀਐੱਮ ਸਕੂਲ ਕਰਾੜਵਾਲਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀਆਂ ਕੁੱਲ ਪੰਜ ਟੀਮਾਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਤਗਮੇ ਜਿੱਤ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸੰਸਥਾ ਦੇ ਚੇਅਰਮੈਨ ਇੰਜੀਨੀਅਰ ਅਵਤਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਪ੍ਰਭਵੀਰ ਸਿੰਘ ਢਿੱਲੋਂ ਨੇ ਤੀਰਅੰਦਾਜ਼ੀ (ਆਰਚਰੀ) ਦੇ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਇਸੇ ਤਰ੍ਹਾਂ ਸਕੂਲ ਦੀ ਅੰਡਰ-14 ਲੜਕੀਆਂ ਦੀ ਫੁੱਟਬਾਲ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ। ਇਸ ਤੋਂ ਇਲਾਵਾ ਅੰਡਰ-17 ਬਾਕਸਿੰਗ ਮੁਕਾਬਲਿਆਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਦੋ ਚਾਂਦੀ ਦੇ ਤਗਮੇ ਜਿੱਤੇ, ਜਦਕਿ ਅੰਡਰ-17 ਲੜਕੀਆਂ ਦੀ ਫੁੱਟਬਾਲ ਟੀਮ ਨੇ ਵੀ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਇਸ ਪ੍ਰਾਪਤੀ ’ਤੇ ਸਕੂਲ ਦੇ ਪ੍ਰਿੰਸੀਪਲ, ਖੇਡ ਵਿਭਾਗ ਦੇ ਮੁਖੀ, ਸਬੰਧਤ ਸਟਾਫ਼ ਮੈਂਬਰਾਂ ਅਤੇ ਖਿਡਾਰੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਅਨੁਸ਼ਾਸਨ, ਮਿਹਨਤ ਤੇ ਟੀਮ ਭਾਵਨਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਭਵਿੱਖ ਵਿਚ ਵੀ ਹੋਰ ਮਿਹਨਤ ਕਰਕੇ ਨਵੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।