36 ਲੱਖ ਰੁਪਏ ਵਾਪਸ ਨਾ ਮਿਲਣ ਤੋਂ ਦੁਖੀ ਕਿਸਾਨ ਪੈਟਰੋਲ ਤੇ ਮਾਚਿਸ ਲੈ ਕੇ ਟੈਂਕੀ 'ਤੇ ਚੜ੍ਹਿਆ 36 ਲੱਖ ਰੁਪਏ ਵਾਪਸ ਨਾ ਮਿਲਣ ਤੋਂ ਦੁਖੀ ਕਿਸਾਨ ਪੈਟਰੋਲ ਤੇ ਮਾਚਿਸ ਲੈ ਕੇ ਟੈਂਕੀ 'ਤੇ ਚੜ੍ਹਿਆ
Publish Date: Thu, 01 Oct 2026 04:03 PM (IST)
Updated Date: Thu, 01 Oct 2026 04:03 PM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ ਭਾਈ ਰੂਪਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਸੇਲਬਰਾਹ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਕਰੀਬ 60 ਸਾਲਾ ਕਿਸਾਨ ਪੈਟਰੋਲ ਦੀ ਬੋਤਲ ਅਤੇ ਮਾਚਿਸ ਦੀ ਡੱਬੀ ਲੈ ਕੇ ਵਾਟਰ ਵਰਕਸ ਦੀ ਟੈਂਕੀ ਤੇ ਚੜ੍ਹ ਗਿਆ। ਕਿਸਾਨ ਦਾ ਦੋਸ਼ ਹੈ ਕਿ ਉਸ ਦੇ ਕਰੀਬ 36 ਲੱਖ ਰੁਪਏ ਕੁਝ ਵਿਅਕਤੀਆਂ ਵੱਲੋਂ ਲਏ ਗਏ ਸਨ, ਪਰ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਉਸ ਨੂੰ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ। ਇਸ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ। ਪਿੰਡ ਦੇ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹੇ ਪੀੜਤ ਕੁਲਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸੇਲਬਰਾਹ ਨੇ ਦੋਸ਼ ਲਗਾਇਆ ਕਿ ਕੁਝ ਵਿਅਕਤੀਆਂ ਵੱਲੋਂ ਉਸ ਦੇ ਪੈਸਿਆਂ ਦੀ ਵਾਪਸੀ ਨੂੰ ਲੈ ਕੇ ਲਗਾਤਾਰ ਟਾਲ-ਮਟੋਲ ਕੀਤੀ ਜਾ ਰਹੀ ਸੀ। ਕੁਲਦੀਪ ਸਿੰਘ ਦੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਮਈ 2021 ਵਿੱਚ ਕੁੱਝ ਜਾਣਕਾਰਾਂ ਨੇ ਕਰੀਬ 24 ਲੱਖ ਰੁਪਏ ਚੈੱਕ ਅਤੇ ਨਕਦ ਰੂਪ ਵਿੱਚ ਦਿੱਤੇ ਗਏ ਸਨ। ਇਸ ਤੋਂ ਬਾਅਦ ਅਗਸਤ ਮਹੀਨੇ ਤਕ ਘਰੇਲੂ ਜ਼ਰੂਰਤਾਂ ਲਈ ਹੋਰ ਕਰੀਬ 12 ਲੱਖ ਰੁਪਏ ਲਏ ਗਏ। ਉਨ੍ਹਾਂ ਅਨੁਸਾਰ ਕੁੱਲ ਰਕਮ ਲਗਭਗ 36 ਲੱਖ ਰੁਪਏ ਬਣਦੀ ਹੈ। ਸੰਦੀਪ ਕੌਰ ਨੇ ਦੋਸ਼ ਲਗਾਇਆ ਕਿ ਪੈਸੇ ਵਾਪਸ ਮੰਗਣ ਤੇ ਵਾਰ-ਵਾਰ ਟਾਲ-ਮਟੋਲ ਕੀਤੀ ਜਾਂਦੀ ਰਹੀ। ਇਸ ਸਬੰਧੀ ਥਾਣਾ ਫੂਲ ਵਿਖੇ ਸ਼ਿਕਾਇਤਾਂ ਦੇਣ ਤੋਂ ਇਲਾਵਾ ਪਿੰਡ ਦੀਆਂ ਪੰਚਾਇਤਾਂ ਵਿੱਚ ਵੀ ਮਾਮਲਾ ਰੱਖਿਆ ਗਿਆ, ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਡੀਐੱਸਪੀ ਫੂਲ ਕੋਲ ਵੀ ਦਰਖਾਸਤ ਦਿੱਤੀ ਗਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਕੁਲਦੀਪ ਸਿੰਘ ਘਰੋਂ ਕੰਮ ਤੇ ਜਾਣ ਦਾ ਕਹਿ ਕੇ ਪੈਟਰੋਲ ਦੀ ਬੋਤਲ ਅਤੇ ਮਾਚਿਸ ਲੈ ਕੇ ਵਾਟਰ ਵਰਕਸ ਦੀ ਟੈਂਕੀ ਤੇ ਚੜ੍ਹ ਗਿਆ। ਇਸ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਕੇ ਤੇ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਫੂਲ ਦੇ ਐੱਸਐੱਚਓ ਸਤਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਕਿਸਾਨ ਨਾਲ ਗੱਲਬਾਤ ਕੀਤੀ। ਪੁਲਿਸ ਅਨੁਸਾਰ ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਉਸ ਦੇ 36 ਲੱਖ ਰੁਪਏ ਵਾਪਸ ਨਹੀਂ ਕੀਤੇ ਜਾ ਰਹੇ ਅਤੇ ਜਦੋਂ ਤਕ ਸਬੰਧਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਨਹੀਂ ਹੁੰਦਾ, ਉਹ ਟੈਂਕੀ ਤੋਂ ਹੇਠਾਂ ਨਹੀਂ ਆਵੇਗਾ। ਐੱਸਐੱਚਓ ਸਤਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਦੌਰਾਨ ਜੇਕਰ ਕੋਈ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਵੀ ਮੌਕੇ ਤੇ ਪਹੁੰਚੇ। ਯੂਨੀਅਨ ਦੇ ਪ੍ਰਧਾਨ ਕੌਰਾ ਸਿੰਘ ਨੇ ਕਿਹਾ ਕਿ ਕਿਸਾਨ ਨੂੰ ਇਨਸਾਫ਼ ਮਿਲਣ ਤਕ ਉਹ ਉਸ ਦੇ ਨਾਲ ਖੜ੍ਹੇ ਰਹਿਣਗੇ। ਖ਼ਬਰ ਲਿਖੇ ਜਾਣ ਤੱਕ ਕੁਲਦੀਪ ਸਿੰਘ ਟੈਂਕੀ ਤੇ ਹੀ ਮੌਜੂਦ ਸੀ ਅਤੇ ਪਿੰਡ ਵਾਸੀਆਂ ਸਮੇਤ ਪੁਲਿਸ ਵੱਲੋਂ ਉਸ ਨੂੰ ਹੇਠਾਂ ਲਿਆਉਣ ਲਈ ਗੱਲਬਾਤ ਕੀਤੀ ਜਾ ਰਹੀ ਸੀ।