ਨਸ਼ਾ ਤਸਕਰਾਂ ਦੇ ਅੱਡੇ ਵਜੋਂ ਵਰਤੀ ਜਾਂਦੀ ਬੇਆਬਾਦ ਇਮਾਰਤ ਨੂੰ ਕੀਤਾ ਢਹਿ-ਢੇਰੀ ਨਸ਼ਾ ਤਸਕਰਾਂ ਦੇ ਅੱਡੇ ਵਜੋਂ ਵਰਤੀ ਜਾਂਦੀ ਬੇਆਬਾਦ ਇਮਾਰਤ ਨੂੰ ਕੀਤਾ ਢਹਿ-ਢੇਰੀ
Publish Date: Tue, 03 Nov 2026 03:57 PM (IST)
Updated Date: Tue, 03 Nov 2026 03:59 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਬਠਿੰਡਾ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਪਿੰਡ ਨਸੀਬਪੁਰਾ ਵਿਖੇ ਨਸ਼ਾ ਤਸਕਰਾਂ ਦੇ ਅੱਡੇ ਵਜੋਂ ਵਰਤੀ ਜਾਂਦੀ ਇਕ ਬੇਆਬਾਦ ਇਮਾਰਤ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਇਸ ਇਮਾਰਤ ਦੀ ਵਰਤੋਂ ਨਸ਼ਾ ਕਰਨ ਵਾਲੇ ਵਿਅਕਤੀਆਂ ਅਤੇ ਨਸ਼ਾ ਤਸਕਰਾਂ ਵੱਲੋਂ ਆਪਣੀਆਂ ਗਤੀਵਿਧੀਆਂ ਲਈ ਕੀਤੀ ਜਾਂਦੀ ਸੀ। ਇਹ ਕਾਰਵਾਈ ਡੀਐੱਸਪੀ ਤਲਵੰਡੀ ਸਾਬੋ ਜਸਜੋਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਬਠਿੰਡਾ ਪੁਲਿਸ ਨੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਮਾਰਤ ਨੂੰ ਡੈਮੋਲਿਸ਼ ਕਰਵਾਇਆ। ਪੁਲਿਸ ਅਨੁਸਾਰ ਇਹ ਬੇਆਬਾਦ ਇਮਾਰਤ ਇਲਾਕੇ ਵਿੱਚ ਡਰੱਗ ਹੌਟਸਪੌਟ ਵਜੋਂ ਜਾਣੀ ਜਾਂਦੀ ਸੀ, ਜਿੱਥੇ ਨਸ਼ਾ ਕਰਨ ਵਾਲੇ ਵਿਅਕਤੀ ਇਕੱਠੇ ਹੁੰਦੇ ਸਨ ਅਤੇ ਨਸ਼ਾ ਤਸਕਰੀ ਨਾਲ ਜੁੜੀਆਂ ਗਤੀਵਿਧੀਆਂ ਵੀ ਚਲਾਈਆਂ ਜਾਂਦੀਆਂ ਸਨ। ਪੁਲਿਸ ਅਧਿਕਾਰੀਆਂ ਅਨੁਸਾਰ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਅਜਿਹੇ ਸਥਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਖ਼ਤਮ ਕਰਨਾ ਵੀ ਮੁਹਿੰਮ ਦਾ ਅਹਿਮ ਹਿੱਸਾ ਹੈ, ਜਿੱਥੇ ਨਸ਼ਿਆਂ ਦਾ ਸੇਵਨ ਅਤੇ ਤਸਕਰੀ ਦੀਆਂ ਗਤੀਵਿਧੀਆਂ ਚਲਾਈਆਂ ਜਾਂਦੀਆਂ ਹਨ। ਇਸੇ ਉਦੇਸ਼ ਨਾਲ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਅਜਿਹੇ ਅੱਡਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਅਜਿਹੀਆਂ ਥਾਵਾਂ ਨੂੰ ਖ਼ਤਮ ਕਰਨ ਨਾਲ ਇਲਾਕੇ ਵਿੱਚ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਨੂੰ ਰੋਕਣ ਵਿੱਚ ਮਦਦ ਮਿਲੇਗੀ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਵੇਗੀ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਉਸਾਰੂ ਗਤੀਵਿਧੀਆਂ ਨਾਲ ਜੋੜਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਬਾਕਸ ਪਿੰਡਾਂ ਦੀਆਂ ਪੰਚਾਇਤਾਂ ਤੋਂ ਸਹਿਯੋਗ ਦੀ ਅਪੀਲ ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ, ਵਿਲੇਜ ਡਿਫੈਂਸ ਕਮੇਟੀਆਂ (ਵੀਡੀਸੀ), ਮੋਹਤਬਰ ਵਿਅਕਤੀਆਂ ਅਤੇ ਆਮ ਲੋਕਾਂ ਨਾਲ ਲਗਾਤਾਰ ਤਾਲਮੇਲ ਬਣਾਇਆ ਜਾ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕੋਈ ਵਿਅਕਤੀ ਨਸ਼ਾ ਵੇਚਣ ਜਾਂ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਹੈ ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ। ਪੁਲਿਸ ਅਨੁਸਾਰ ਨੌਜਵਾਨਾਂ ਨੂੰ ਖੇਡਾਂ, ਸਮਾਜਿਕ ਅਤੇ ਹੋਰ ਉਸਾਰੂ ਗਤੀਵਿਧੀਆਂ ਨਾਲ ਜੋੜਨਾ ਵੀ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਜ਼ਰੂਰੀ ਹੈ। ਬਠਿੰਡਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਾ ਤਸਕਰੀ ਅਤੇ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਜਾਰੀ ਰਹੇਗੀ। ਪੁਲਿਸ ਨੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।