ਡਿਜੀਟਲ ਡਾਕੂਆਂ ਦਾ ਜਾਲ, ਡਰ ਦੇ ਸੌਦੇ ’ਚ ਲੁੱਟੇ ਜਾ ਰਹੇ ਪੰਜਾਬੀ; ਨਵੀਂ ਤਕਨੀਕ ਨਾਲ ਠੱਗਾਂ ਨੇ ਲੱਭੇ ਨਵੇਂ ਰਸਤੇ
ਕਦੇ ਵੱਡੇ ਮੁਨਾਫ਼ੇ ਦਾ ਲਾਲਚ, ਕਦੇ ਪੁਲਿਸ ਦਾ ਡਰ, ਕਦੇ ਬੈਂਕ ਖਾਤਾ ਬੰਦ ਕਰਨ ਦੀ ਧਮਕੀ ਅਤੇ ਕਦੇ ਰਿਸ਼ਤੇਦਾਰ ਜਾਂ ਦੋਸਤ ਦੀ ਆਵਾਜ਼ ਦੀ ਨਕਲ ਕਰਕੇ ਇਹ ਲੋਕਾਂ ਦੇ ਭਰੋਸੇ ਨੂੰ ਹੀ ਹਥਿਆਰ ਬਣਾ ਰਹੇ ਹਨ। ਇਸ ਲਈ ਸਾਈਬਰ ਅਪਰਾਧੀ ਹੁਣ ਆਮ ਲੋਕਾਂ ਲਈ ‘ਡਿਜੀਟਲ ਡਾਕੂ’ ਬਣਦੇ ਜਾ ਰਹੇ ਹਨ।
Publish Date: Tue, 18 Aug 2026 08:33 AM (IST)
Updated Date: Tue, 18 Aug 2026 08:35 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ। ਅਪਰਾਧ ਦਾ ਰੂਪ ਸਮੇਂ ਦੇ ਨਾਲ ਬਦਲ ਰਿਹਾ ਹੈ। ਹੁਣ ਅਪਰਾਧੀ ਹਥਿਆਰ ਲੈ ਕੇ ਘਰਾਂ ਵਿੱਚ ਦਾਖਲ ਹੋਣ ਦੀ ਬਜਾਏ ਮੋਬਾਈਲ ਦੀ ਸਕਰੀਨ ਪਿੱਛੇ ਬੈਠ ਕੇ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ’ਤੇ ਹੱਥ ਸਾਫ਼ ਕਰ ਰਹੇ ਹਨ। ਇੰਟਰਨੈੱਟ ਅਤੇ ਡਿਜੀਟਲ ਲੈਣ-ਦੇਣ ਨੇ ਜ਼ਿੰਦਗੀ ਸੌਖੀ ਕੀਤੀ ਹੈ ਪਰ ਇਸੇ ਤਕਨੀਕ ਨੇ ਸਾਈਬਰ ਠੱਗਾਂ ਨੂੰ ਵੀ ਨਵੇਂ ਰਸਤੇ ਦੇ ਦਿੱਤੇ ਹਨ।
ਕਦੇ ਵੱਡੇ ਮੁਨਾਫ਼ੇ ਦਾ ਲਾਲਚ, ਕਦੇ ਪੁਲਿਸ ਦਾ ਡਰ, ਕਦੇ ਬੈਂਕ ਖਾਤਾ ਬੰਦ ਕਰਨ ਦੀ ਧਮਕੀ ਅਤੇ ਕਦੇ ਰਿਸ਼ਤੇਦਾਰ ਜਾਂ ਦੋਸਤ ਦੀ ਆਵਾਜ਼ ਦੀ ਨਕਲ ਕਰਕੇ ਇਹ ਲੋਕਾਂ ਦੇ ਭਰੋਸੇ ਨੂੰ ਹੀ ਹਥਿਆਰ ਬਣਾ ਰਹੇ ਹਨ। ਇਸ ਲਈ ਸਾਈਬਰ ਅਪਰਾਧੀ ਹੁਣ ਆਮ ਲੋਕਾਂ ਲਈ ‘ਡਿਜੀਟਲ ਡਾਕੂ’ ਬਣਦੇ ਜਾ ਰਹੇ ਹਨ।
ਪੰਜਾਬ ’ਚ ਸਾਈਬਰ ਠੱਗੀ ਦਾ ਫੈਲਾਅ ਹੁਣ ਛੋਟੀਆਂ-ਮੋਟੀਆਂ ਘਟਨਾਵਾਂ ਤਕ ਸੀਮਤ ਨਹੀਂ ਰਿਹਾ। ਉਪਲਬਧ ਅੰਕੜਿਆਂ ਮੁਤਾਬਕ ਪੰਜਾਬ ਪੁਲਿਸ ਨੇ ਸਾਲ 2025 ਵਿੱਚ ਸਾਈਬਰ ਠੱਗੀ ਨਾਲ ਸਬੰਧਤ 63,749 ਬੈਂਕ ਖਾਤੇ ਫਰੀਜ਼ ਕਰਵਾਏ। ਇਨ੍ਹਾਂ ਖਾਤਿਆਂ ਰਾਹੀਂ ਸੂਬੇ ਵਿੱਚ 530 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਸੀ।
ਜਨਤਕ ਤੌਰ ’ਤੇ ਸਾਹਮਣੇ ਆਏ ਅੰਕੜਿਆਂ ਅਨੁਸਾਰ 2021 ਤੋਂ 2025 ਤਕ ਪੰਜਾਬ ਵਿੱਚ 75 ਹਜ਼ਾਰ ਤੋਂ ਵੱਧ ਸਾਈਬਰ ਠੱਗੀ ਦੇ ਮਾਮਲੇ ਦਰਜ ਹੋਏ ਅਤੇ ਲੋਕਾਂ ਨੂੰ ਕਰੀਬ 740 ਕਰੋੜ ਰੁਪਏ ਦਾ ਨੁਕਸਾਨ ਹੋਇਆ। ਅੰਕੜੇ ਦੱਸਦੇ ਹਨ ਕਿ ਇਹ ਸਮੱਸਿਆ ਕਿੰਨੀ ਤੇਜ਼ੀ ਨਾਲ ਵਧ ਰਹੀ ਹੈ।
ਬਠਿੰਡਾ ਵਿੱਚ ਵੀ ਸਥਿਤੀ ਚਿੰਤਾਜਨਕ ਹੈ। ਆਰਟੀਆਈ ਰਾਹੀਂ ਮਿਲੇ ਅੰਕੜਿਆਂ ਅਨੁਸਾਰ 2018 ਤੋਂ 15 ਮਈ 2026 ਤਕ ਜ਼ਿਲ੍ਹੇ ਵਿੱਚ ਆਨਲਾਈਨ ਠੱਗੀ ਦੀਆਂ 12,660 ਸ਼ਿਕਾਇਤਾਂ ਦਰਜ ਹੋਈਆਂ। ਇਨ੍ਹਾਂ ਵਿੱਚੋਂ 10,153 ਮਾਮਲਿਆਂ ਦੇ ਨਿਪਟਾਰੇ ਦਾ ਦਾਅਵਾ ਕੀਤਾ ਗਿਆ ਹੈ, ਜਦਕਿ 2,507 ਮਾਮਲੇ ਜਾਂਚ ਅਧੀਨ ਹਨ।
ਇਸ ਦੌਰਾਨ ਲੋਕਾਂ ਦੇ ਕਰੀਬ 42.71 ਕਰੋੜ ਰੁਪਏ ਸਾਈਬਰ ਠੱਗਾਂ ਕੋਲ ਚਲੇ ਗਏ, ਜਿਨ੍ਹਾਂ ਵਿੱਚੋਂ ਪੁਲਿਸ ਲਗਭਗ 3.14 ਕਰੋੜ ਰੁਪਏ ਹੀ ਵਾਪਸ ਕਰਵਾ ਸਕੀ ਹੈ। ਇਸ ਤੋਂ ਸਪੱਸ਼ਟ ਹੈ ਕਿ ਪੈਸਾ ਖਾਤੇ ਵਿੱਚੋਂ ਨਿਕਲਣ ਤੋਂ ਬਾਅਦ ਉਸ ਨੂੰ ਵਾਪਸ ਲਿਆਉਣਾ ਕਿੰਨਾ ਮੁਸ਼ਕਲ ਹੈ।
ਡਿਜੀਟਲ ਅਰੇਸਟ ਦਾ ਡਰ ਸਭ ਤੋਂ ਵੱਡਾ ਹਥਿਆਰ
ਸਾਈਬਰ ਠੱਗਾਂ ਵੱਲੋਂ ਵਰਤੇ ਜਾ ਰਹੇ ਤਰੀਕਿਆਂ ਵਿੱਚ ਡਿਜੀਟਲ ਅਰੇਸਟ ਸਭ ਤੋਂ ਖ਼ਤਰਨਾਕ ਰੂਪ ਵਜੋਂ ਸਾਹਮਣੇ ਆਇਆ ਹੈ। ਬਠਿੰਡਾ ਵਿੱਚ ਜੁਲਾਈ 2026 ਦੌਰਾਨ 78 ਸਾਲਾ ਸੇਵਾਮੁਕਤ ਫੌਜੀ ਇੰਜਨੀਅਰ ਅਸ਼ੋਕ ਕੁਮਾਰ ਨੂੰ ਡਿਜੀਟਲ ਅਰੇਸਟ ਦਾ ਡਰ ਦਿਖਾ ਕੇ 35 ਲੱਖ ਰੁਪਏ ਠੱਗ ਲਏ ਗਏ।
ਠੱਗਾਂ ਨੇ ਖ਼ੁਦ ਨੂੰ ਦਿੱਲੀ ਪੁਲਿਸ ਅਤੇ ਅੱਤਵਾਦ ਵਿਰੋਧੀ ਦਸਤੇ ਦੇ ਅਧਿਕਾਰੀ ਦੱਸਿਆ। ਉਸ ਨੂੰ ਦਿੱਲੀ ਧਮਾਕੇ, ਕਾਲੇ ਧਨ ਅਤੇ ਗੰਭੀਰ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਲਗਾਤਾਰ ਵੀਡੀਓ ਕਾਲ ’ਤੇ ਰੱਖਿਆ ਗਿਆ। ਪਰਿਵਾਰ ਜਾਂ ਕਿਸੇ ਹੋਰ ਵਿਅਕਤੀ ਨਾਲ ਗੱਲ ਕਰਨ ਤੋਂ ਰੋਕ ਕੇ ਜਾਂਚ ਦੇ ਨਾਂ ’ਤੇ ਰਕਮ ਇੱਕ ਖਾਤੇ ਵਿੱਚ ਜਮ੍ਹਾਂ ਕਰਵਾ ਲਈ ਗਈ।
ਜਲੰਧਰ ਦੇ ਸੇਵਾਮੁਕਤ ਪੀਐੱਸਪੀਸੀਐੱਲ ਮੁੱਖ ਇੰਜਨੀਅਰ ਸੁਖਮੰਦਰ ਸਿੰਘ ਨਾਲ ਵੀ 2025 ਵਿੱਚ ਇਸੇ ਤਰ੍ਹਾਂ ਠੱਗੀ ਹੋਈ। ਅਣਪਛਾਤੇ ਵਿਅਕਤੀਆਂ ਨੇ ਡਿਜੀਟਲ ਅਰੇਸਟ ਦਾ ਡਰ ਦਿਖਾ ਕੇ ਵੱਖ-ਵੱਖ ਖਾਤਿਆਂ ਵਿੱਚ 12 ਕਰੋੜ ਰੁਪਏ ਟਰਾਂਸਫਰ ਕਰਵਾ ਲਏ। ਮਾਮਲਾ ਹਾਈ ਕੋਰਟ ਤਕ ਪੁੱਜਣ ਮਗਰੋਂ 17 ਮਾਰਚ 2026 ਦੇ ਹੁਕਮਾਂ ਰਾਹੀਂ ਜਾਂਚ ਸੀਬੀਆਈ ਨੂੰ ਸੌਂਪੀ ਗਈ।
ਬਠਿੰਡਾ ਦੇ ਵਕੀਲ ਹਰਿੰਦਰ ਸਿੰਘ ਨੂੰ ਵੀ ਸੀਬੀਆਈ ਅਧਿਕਾਰੀ ਬਣ ਕੇ ਠੱਗਾਂ ਨੇ 14 ਦਿਨਾਂ ਤਕ ਡਿਜੀਟਲ ਅਰੇਸਟ ਰੱਖਿਆ। ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ ਫਰਜ਼ੀ ਦਸਤਾਵੇਜ਼ ਭੇਜੇ ਗਏ ਅਤੇ ਵੱਖ-ਵੱਖ ਖਾਤਿਆਂ ਵਿੱਚੋਂ 90 ਲੱਖ ਰੁਪਏ ਟਰਾਂਸਫਰ ਕਰਵਾ ਲਏ ਗਏ।
ਲਾਲਚ ਦੇ ਜਾਲ ’ਚ ਵੀ ਫਸ ਰਹੇ ਲੋਕ
ਸਾਈਬਰ ਠੱਗ ਸਿਰਫ਼ ਡਰ ਹੀ ਨਹੀਂ, ਸਗੋਂ ਲਾਲਚ ਨੂੰ ਵੀ ਹਥਿਆਰ ਬਣਾ ਰਹੇ ਹਨ। ਬਠਿੰਡਾ ਦੇ ਰਾਕੇਸ਼ ਕੁਮਾਰ ਨੂੰ ਸੋਸ਼ਲ ਮੀਡੀਆ ’ਤੇ ਘਰ ਬੈਠੇ ਕੰਮ ਅਤੇ ਆਨਲਾਈਨ ਨਿਵੇਸ਼ ਦਾ ਇਸ਼ਤਿਹਾਰ ਮਿਲਿਆ। ਵੱਡੇ ਮੁਨਾਫ਼ੇ ਦਾ ਭਰੋਸਾ ਦੇ ਕੇ ਉਸ ਨੂੰ ਟੈਲੀਗ੍ਰਾਮ ਰਾਹੀਂ ਠੱਗਾਂ ਨਾਲ ਜੋੜਿਆ ਗਿਆ। 26 ਅਪ੍ਰੈਲ ਤੋਂ 13 ਜੁਲਾਈ 2026 ਤਕ ਉਸ ਨੇ ਵੱਖ-ਵੱਖ ਖਾਤਿਆਂ ਵਿੱਚ 42 ਲੱਖ 88 ਹਜ਼ਾਰ 920 ਰੁਪਏ ਭੇਜ ਦਿੱਤੇ। ਰਕਮ ਵਾਪਸ ਮੰਗਣ ’ਤੇ ਠੱਗਾਂ ਨੇ ਸੰਪਰਕ ਤੋੜ ਦਿੱਤਾ।
ਇਸੇ ਤਰ੍ਹਾਂ ਏਪੀਕੇ ਫਾਈਲਾਂ ਵੀ ਠੱਗੀ ਦਾ ਨਵਾਂ ਸਾਧਨ ਬਣ ਰਹੀਆਂ ਹਨ। ਬਠਿੰਡਾ ਵਿੱਚ ਇੱਕ ਪਰਿਵਾਰ ਨੂੰ ਫਰਜ਼ੀ ਏਪੀਕੇ ਫਾਈਲ ਜ਼ਰੂਰੀ ਦਸਤਾਵੇਜ਼ ਜਾਂ ਅਪਡੇਟ ਦੱਸ ਕੇ ਖੁਲ੍ਹਵਾਈ ਗਈ। ਫਾਈਲ ਖੋਲ੍ਹਣ ਤੋਂ ਬਾਅਦ ਮੋਬਾਈਲ ਤਕ ਪਹੁੰਚ ਹਾਸਲ ਕਰਕੇ ਬੈਂਕ ਖਾਤਿਆਂ ਵਿੱਚੋਂ 8.81 ਲੱਖ ਰੁਪਏ ਕੱਢ ਲਏ ਗਏ।
ਇੱਕ ਗਲਤੀ ਨਾਲ ਖਾਲੀ ਹੋ ਸਕਦਾ ਹੈ ਖਾਤਾ
ਸਾਈਬਰ ਠੱਗੀ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਠੱਗ ਕੁਝ ਮਿੰਟਾਂ ਵਿੱਚ ਪੀੜਤ ਨੂੰ ਮਾਨਸਿਕ ਤੌਰ ’ਤੇ ਦਬਾਅ ਹੇਠ ਲਿਆਉਂਦੇ ਹਨ। ਪੁਲਿਸ, ਅਦਾਲਤ, ਬੈਂਕ ਜਾਂ ਸਰਕਾਰੀ ਅਧਿਕਾਰੀ ਬਣ ਕੇ ਗੱਲ ਕਰਨ ਕਾਰਨ ਆਮ ਵਿਅਕਤੀ ਘਬਰਾ ਜਾਂਦਾ ਹੈ। ਦੂਜੇ ਪਾਸੇ ਨਿਵੇਸ਼ ਦੇ ਮਾਮਲਿਆਂ ਵਿੱਚ ਪਹਿਲਾਂ ਥੋੜ੍ਹਾ ਮੁਨਾਫ਼ਾ ਦਿਖਾ ਕੇ ਭਰੋਸਾ ਜਿੱਤਿਆ ਜਾਂਦਾ ਹੈ ਅਤੇ ਬਾਅਦ ਵਿੱਚ ਵੱਡੀ ਰਕਮ ਲਗਵਾਈ ਜਾਂਦੀ ਹੈ।
ਸੇਵਾਮੁਕਤ ਐੱਸਪੀ ਡੀਐੱਸ ਕੰਗ ਦਾ ਕਹਿਣਾ ਹੈ ਕਿ ਸਾਈਬਰ ਠੱਗੀ ਦਾ ਸ਼ਿਕਾਰ ਹੋਣ ’ਤੇ ਬਿਨਾਂ ਦੇਰੀ ਸ਼ਿਕਾਇਤ ਕਰਨੀ ਚਾਹੀਦੀ ਹੈ। ਦੇਰੀ ਨਾਲ ਰਕਮ ਫਰੀਜ਼ ਕਰਵਾਉਣ ਦੀ ਸੰਭਾਵਨਾ ਘਟ ਜਾਂਦੀ ਹੈ। ਕਿਸੇ ਵੀ ਅਣਜਾਣ ਵਿਅਕਤੀ ਨੂੰ ਓਟੀਪੀ, ਬੈਂਕ ਵੇਰਵੇ ਜਾਂ ਨਿੱਜੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਅਤੇ ਸ਼ੱਕੀ ਲਿੰਕ ਜਾਂ ਏਪੀਕੇ ਫਾਈਲ ਖੋਲ੍ਹਣ ਤੋਂ ਬਚਣਾ ਚਾਹੀਦਾ ਹੈ। ਸਾਈਬਰ ਅਪਰਾਧ ਦੀ ਸ਼ਿਕਾਇਤ ਲਈ 1930 ਨੰਬਰ ’ਤੇ ਤੁਰੰਤ ਸੰਪਰਕ ਕਰਨਾ ਜ਼ਰੂਰੀ ਹੈ।