ਧਰਮਪਾਲ ਬਾਂਸਲ ਮੈਮੋਰੀਅਲ ਅਗਰਵਾਲ ਪੀਰ ਮੰਦਰ ਧਰਮਸ਼ਾਲਾ ਭਗਤਾਂ ਨੂੰ ਸਮਰਪਿਤ ਮਲੇਰਕੋਟਲਾ ਵਿਖੇ ਧਰਮਪਾਲ ਬਾਂਸਲ ਮੈਮੋਰੀਅਲ ਅਗਰਵਾਲ ਪੀਰ ਮੰਦਰ ਧਰਮਸ਼ਾਲਾ ਭਗਤਾਂ ਨੂੰ ਸਮਰਪਿਤ
Publish Date: Fri, 23 Oct 2026 05:39 PM (IST)
Updated Date: Sat, 24 Oct 2026 04:01 AM (IST)
ਮੁੱਖ ਮਹਿਮਾਨ ਸ਼ਮਸ਼ਾਦ ਅਲੀ ਨੇ ਪੂਜਾ-ਅਰਚਨਾ ਉਪਰੰਤ ਕੀਤਾ ਰਸਮੀ ਉਦਘਾਟਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸ਼੍ਰੀ ਅਗਰਵਾਲ ਪੀਰ ਮੰਦਰ ਕਮੇਟੀ ਰਾਮਾਂ ਮੰਡੀ ਵੱਲੋਂ ਮਲੇਰਕੋਟਲਾ ਦੀ ਪਵਿੱਤਰ ਧਰਤੀ ’ਤੇ ਨਵ-ਨਿਰਮਾਣ ਕੀਤੀ ਗਈ ‘ਧਰਮਪਾਲ ਬਾਂਸਲ ਮੈਮੋਰੀਅਲ ਅਗਰਵਾਲ ਪੀਰ ਮੰਦਰ ਧਰਮਸ਼ਾਲਾ’ ਦਾ ਸ਼ੁੱਭ ਮਹੂਰਤ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਮਸ਼ਾਦ ਅਲੀ, ਐਡਵੋਕੇਟ, ਮੈਂਬਰ ਪੰਜਾਬ ਵਕਫ਼ ਬੋਰਡ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੇਰਕੋਟਲਾ ਨੇ ਸ਼ਿਰਕਤ ਕੀਤੀ। ਉਨ੍ਹਾਂ ਪੂਜਾ-ਅਰਚਨਾ ਦੀ ਰਸਮ ਉਪਰੰਤ ਧਰਮਸ਼ਾਲਾ ਦਾ ਰਸਮੀ ਉਦਘਾਟਨ ਕਰਦਿਆਂ ਇਸ ਨੂੰ ਭਗਤਾਂ ਦੀ ਸਹੂਲਤ ਲਈ ਸਮਰਪਿਤ ਕੀਤਾ। ਸਮਾਗਮ ਦੌਰਾਨ ਪੀਰਾਂ ਦਾ ਗੁਣਗਾਣ ਕੀਤਾ ਗਿਆ। ਇਸ ਉਪਰੰਤ ਪੀਰ ਮੀਰਾਂ ਸਾਹਿਬ ਦੀ ਦਰਗਾਹ ’ਤੇ ਸ਼ਰਧਾ ਭਾਵਨਾ ਨਾਲ ਚਾਦਰ ਚੜ੍ਹਾਈ ਗਈ ਅਤੇ ਬਾਜ਼ਾਰਾਂ ਵਿਚੋਂ ਸ਼ੋਭਾ ਯਾਤਰਾ ਕੱਢੀ ਗਈ। ਸ਼ਰਧਾਲੂਆਂ ਨੇ ਪੀਰਾਂ ਪ੍ਰਤੀ ਆਪਣੀ ਆਸਥਾ ਪ੍ਰਗਟ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਮਾਗਮ ਵਿਚ ਪਹੁੰਚੇ ਸ਼ਰਧਾਲੂਆਂ ਲਈ ਚਾਹ, ਜਲੇਬੀਆਂ, ਪਕੌੜਿਆਂ ਅਤੇ ਛੋਲੇ-ਪੂੜੀਆਂ ਦਾ ਲੰਗਰ ਵੀ ਵਰਤਾਇਆ ਗਿਆ। ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਧਰਮਸ਼ਾਲਾ ਦੀ ਉਸਾਰੀ ਦਾ ਮੁੱਖ ਉਦੇਸ਼ ਮਲੇਰਕੋਟਲਾ ਵਿਖੇ ਆਉਣ ਵਾਲੇ ਭਗਤਾਂ ਅਤੇ ਸਮਾਜ ਦੇ ਲੋਕਾਂ ਨੂੰ ਠਹਿਰਨ ਸਮੇਤ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਇਸ ਸੇਵਾ ਕਾਰਜ ਵਿਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਮੇਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਗੋਇਲ, ਬਾਬਾ ਜਸਪਾਲ ਸਿੰਗਲਾ, ਬਾਬਾ ਅਸਰੈਲ ਖਾਂ, ਪਰਵੀਨ ਕੁਮਾਰ ਪੱਕਾ, ਰਜੀਵ ਕੁਮਾਰ ਗੋਸ਼ਾ, ਸੰਜੀਵ ਗੁਪਤਾ ਐਡਵੋਕੇਟ, ਕਮਲ ਗੋਇਲ ਐਡਵੋਕੇਟ, ਇੰਦਰ ਕੁਮਾਰ ਗੋਇਲ, ਸੁਰੇਸ਼ ਕੁਮਾਰ ਅਤੇ ਅਜੇ ਅਰੋੜਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।