ਏਕਿਊਆਈ ਘਟਣ ਦੇ ਬਾਵਜੂਦ ਮਾਲਵਾ ਧੂੰਏ ਦੀ ਮਾਰ ਹੇਠ, ਆਸਮਾਨ ਨੂੰ ਧੂੰਏ ਤੇ ਧੁੰਦ ਦੀ ਗਹਿਰੀ ਚਾਦਰ ਨੇ ਢਕਿਆ ਏਕਿਊਆਈ ਘਟਣ ਦੇ ਬਾਵਜੂਦ ਮਾਲਵਾ ਧੂੰਏ ਦੀ ਮਾਰ ਹੇਠ, ਆਸਮਾਨ ਨੂੰ ਧੂੰਏ ਤੇ ਧੁੰਦ ਦੀ ਗਹਿਰੀ ਚਾਦਰ ਨੇ ਢਕਿਆ
Publish Date: Sat, 14 Nov 2026 05:54 PM (IST)
Updated Date: Sat, 14 Nov 2026 05:57 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡ ਮਾਲਵਾ ਖੇਤਰ ਅੰਦਰ ਝੋਨੇ ਵਾਢੀ ਬਾਅਦ ਪਰਾਲੀ ਨੂੰ ਅੱਗ ਲਗਾਏ ਜਾਣ ਕਾਰਨ ਧੂਏਂ ਦੀ ਗਹਿਰੀ ਚਾਦਰ ਨੇ ਆਸਮਾਨ ਨੂੰ ਪੂਰੀ ਤਰ੍ਹਾਂ ਢਕ ਲਿਆ ਹੈ। ਧੂੰਏ ਦੀ ਇਹ ਚਾਦਰ ਦਿਨੋਂ ਦਿਨ ਵਧ ਦੀ ਹੋਈ ਨਜ਼ਰ ਆ ਰਹੀ ਹੈ। ਪਰਾਲੀ ਤੋਂ ਹੋਏ ਪ੍ਰਦੂਸ਼ਣ ਤੋਂ ਲੋਕਾਂ ਨੂੰ ਫਿਲਹਾਲ ਕੋਈ ਖ਼ਾਸ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ 300 ਤੋਂ ਪਾਰ ਚੱਲ ਰਿਹਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਸ਼ਨੀਵਾਰ ਨੂੰ ਘਟ ਕੇ 217 ’ਤੇ ਪਹੁੰਚ ਗਿਆ। ਹਾਲਾਂਕਿ ਏਕਿਊਆਈ ਵਿਚ ਗਿਰਾਵਟ ਦਰਜ ਹੋਣ ਦੇ ਬਾਵਜੂਦ ਸ਼ਹਿਰ ਦੀ ਹਵਾ ਵਿਚ ਪ੍ਰਦੂਸ਼ਣ ਦਾ ਅਸਰ ਸਾਫ਼ ਦਿਖਾਈ ਦਿੱਤਾ। ਦਿਨ ਭਰ ਅਸਮਾਨ ਵਿਚ ਧੂੰਏਂ ਤੇ ਧੁੰਦ ਦੀ ਚਾਦਰ ਛਾਈ ਰਹੀ ਤੇ ਸੂਰਜ ਦੇ ਦਰਸ਼ਨ ਵੀ ਨਹੀਂ ਹੋਏ। ਧੂੰਏਂ ਕਾਰਨ ਵਿਜ਼ੀਬਿਲਟੀ ਪ੍ਰਭਾਵਿਤ ਹੋਣ ਕਰਕੇ ਵਾਹਨ ਚਾਲਕਾਂ ਨੂੰ ਦਿਨ ਵੇਲੇ ਵੀ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਚੱਲਣਾ ਪਿਆ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਵੇਰ ਤੋਂ ਹੀ ਧੂੰਏਂ ਅਤੇ ਧੁੰਦ ਦਾ ਅਸਰ ਬਣਿਆ ਰਿਹਾ। ਅਸਮਾਨ ਵਿੱਚ ਛਾਈ ਧੁੰਦ ਕਾਰਨ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਏਕਿਊਆਈ ਵਿਚ ਕਮੀ ਆਉਣ ਦੇ ਹਨ੍ਹੇਰਾ ਘਾਇਆ ਰਿਹਾ। ਇਸ ਤਰ੍ਹਾਂ ਦਾ ਮਾਹੌਲ ਅਜੇ ਕੁੱਝ ਦਿਨ ਹੋਰ ਬਣਿਆ ਰਿਹਾ ਸਕਦਾ ਹੈ। ਹੁਣ ਤੱਕ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ 513 ਮਾਮਲੇ ਸਾਹਮਣੇ ਆ ਚੁੱਕੇ ਹਨ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹਨ। ਪਿਛਲੇ ਸਾਲ ਇਸ ਸਮੇਂ ਤੱਕ ਪਰਾਲੀ ਸਾੜਨ ਦੇ 359 ਮਾਮਲੇ ਦਰਜ ਹੋਏ ਸਨ। ਇਸ ਤਰ੍ਹਾਂ ਇਸ ਵਾਰ ਹੁਣ ਤੱਕ 154 ਮਾਮਲਿਆਂ ਦਾ ਵਾਧਾ ਦਰਜ ਕੀਤਾ ਗਿਆ ਹੈ। ਖੇਤਾਂ ਵਿੱਚ ਪਰਾਲੀ ਨੂੰ ਲਾਈ ਜਾਂਦੀ ਅੱਗ ਤੋਂ ਉੱਠਣ ਵਾਲਾ ਧੂੰਆਂ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪਰਾਲੀ ਦੇ ਧੂੰਏਂ ਕਾਰਨ ਵਾਪਰ ਚੁੱਕੇ ਹਨ ਕਈ ਵੱਡੇ ਹਾਦਸੇ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲਾ ਧੂੰਆਂ ਸਿਰਫ਼ ਵਾਤਾਵਰਨ ਨੂੰ ਹੀ ਪ੍ਰਦੂਸ਼ਿਤ ਨਹੀਂ ਕਰਦਾ, ਸਗੋਂ ਸੜਕ ਹਾਦਸਿਆਂ ਦਾ ਕਾਰਨ ਵੀ ਬਣਦਾ ਰਿਹਾ ਹੈ। 7 ਨਵੰਬਰ 2017 ਨੂੰ ਪਰਾਲੀ ਦੇ ਧੂੰਏਂ ਕਾਰਨ ਇੱਕ ਟਿੱਪਰ ਦੀ ਲਪੇਟ ਵਿਚ ਆਉਣ ਨਾਲ 10 ਨੌਜਵਾਨਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿੱਚ ਅੱਠ ਵਿਦਿਆਰਥੀ ਵੀ ਸ਼ਾਮਲ ਸਨ। ਇਨ੍ਹਾਂ ਵਿਚੋਂ ਇਕ ਲੜਕੀ ਦੀ ਕੁਝ ਦਿਨ ਪਹਿਲਾਂ ਹੀ ਸਰਕਾਰੀ ਨੌਕਰੀ ਲੱਗੀ ਸੀ। ਇਸ ਮਾਮਲੇ ਵਿਚ ਪਰਿਵਾਰਾਂ ਵੱਲੋਂ ਕੇਸ ਵੀ ਕੀਤਾ ਗਿਆ ਸੀ, ਪਰ ਸਬੂਤਾਂ ਦੀ ਘਾਟ ਕਾਰਨ ਟਰੱਕ ਡਰਾਈਵਰ ਨੂੰ ਦੋ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਅਇਸੇ ਤਰ੍ਹਾਂ 28 ਅਕਤੂਬਰ 2020 ਨੂੰ ਪਿੰਡ ਭਾਈ ਬਖਤੌਰ ਨੇੜੇ ਪਰਾਲੀ ਦੇ ਧੂੰਏਂ ਕਾਰਨ ਸੜਕ ’ਤੇ ਕੁਝ ਦਿਖਾਈ ਨਾ ਦੇਣ ਕਰਕੇ ਕਾਰ ਤੇ ਟਰਾਲੇ ਵਿਚਕਾਰ ਭਿਆਨਕ ਟੱਕਰ ਹੋ ਗਈ ਸੀ। ਇਸ ਹਾਦਸੇ ਵਿਚ ਕਾਰ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ। ਸੜਕ ਦੇ ਨਾਲ ਲੱਗਦੇ ਖੇਤ ਵਿੱਚ ਪਰਾਲੀ ਨੂੰ ਅੱਗ ਲਾਈ ਹੋਈ ਸੀ, ਜਿਸ ਕਾਰਨ ਸੜਕ ’ਤੇ ਧੂੰਆਂ ਫੈਲ ਗਿਆ ਸੀ ਅਤੇ ਕਾਰ ਚਾਲਕ ਨੂੰ ਅੱਗੇ ਜਾ ਰਿਹਾ ਟਰਾਲਾ ਦਿਖਾਈ ਨਹੀਂ ਦਿੱਤਾ। 4 ਨਵੰਬਰ 2018 ਨੂੰ ਬਠਿੰਡਾ-ਚੰਡੀਗੜ੍ਹ ਰੋਡ ’ਤੇ ਭੁੱਚੋ ਮੰਡੀ ਨੇੜੇ ਪਰਾਲੀ ਦੇ ਧੂੰਏਂ ਕਾਰਨ ਅੱਠ ਵਾਹਨ ਆਪਸ ਵਿੱਚ ਟਕਰਾ ਗਏ ਸਨ। ਇਸ ਹਾਦਸੇ ਵਿੱਚ ਕਿਸੇ ਦੀ ਜਾਨ ਤਾਂ ਨਹੀਂ ਗਈ, ਪਰ ਕਈ ਵਾਹਨ ਨੁਕਸਾਨੇ ਗਏ ਸਨ। ਪਰਾਲੀ ਸਾੜਨ ਤੋਂ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ? ਪ੍ਰਸ਼ਾਸਨ ਨੇ ਤਿੰਨ ਲੱਖ ਰੁਪਏ ਦੇ ਚਲਾਨ ਕੱਟੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਹਿਮ ਭੂਮਿਕਾ ਹੁੰਦੀ ਹੈ। ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਹ ਆਪਣੇ ਦੌਰਿਆਂ ਦੌਰਾਨ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਨਾਲ ਲੈ ਕੇ ਜਾਂਦੇ ਹਨ। ਇਸ ਦੇ ਬਾਵਜੂਦ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਨਜ਼ਰ ਰੱਖਣ ਲਈ ਪ੍ਰਦੂਸ਼ਣ ਕੰਟਰੋਲ ਵਿਭਾਗ ਨੋਡਲ ਏਜੰਸੀ ਵਜੋਂ ਕੰਮ ਕਰਦਾ ਹੈ। ਵਿਭਾਗ ਵੱਲੋਂ ਸੈਟੇਲਾਈਟ ਰਾਹੀਂ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਪੁਸ਼ਟੀ ਹੋਣ ਤੋਂ ਬਾਅਦ ਸਬੰਧਤ ਕਿਸਾਨਾਂ ਦੇ ਚਲਾਨ ਕੱਟ ਕੇ ਜੁਰਮਾਨੇ ਲਗਾਏ ਜਾਂਦੇ ਹਨ। ਵਿਭਾਗ ਦੇ ਐਕਸੀਅਨ ਰਮਨਦੀਪ ਸਿੱਧੂ ਅਨੁਸਾਰ ਉਨ੍ਹਾਂ ਵੱਲੋਂ ਆਪਣੀ ਜ਼ਿੰਮੇਵਾਰੀ ਤਹਿਤ ਕਿਸਾਨਾਂ ਦੇ ਚਲਾਨ ਕੱਟ ਕੇ ਜੁਰਮਾਨੇ ਲਗਾਏ ਜਾ ਰਹੇ ਹਨ। ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਕੱਟੇ ਗਏ ਚਲਾਨਾਂ ਦੀ ਜੁਰਮਾਨਾ ਰਕਮ ਵਸੂਲਣ ਦੀ ਜ਼ਿੰਮੇਵਾਰੀ ਮਾਲ ਵਿਭਾਗ ਦੀ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿੱਚ ਹੁਣ ਤੱਕ 150 ਤੋਂ ਵੱਧ ਮਾਮਲਿਆਂ ਵਿੱਚ ਕਰੀਬ ਤਿੰਨ ਲੱਖ ਰੁਪਏ ਦੇ ਚਲਾਨ ਕੱਟੇ ਜਾ ਚੁੱਕੇ ਹਨ, ਪਰ ਇਨ੍ਹਾਂ ਵਿੱਚੋਂ ਸਿਰਫ਼ 35 ਹਜ਼ਾਰ ਰੁਪਏ ਦੇ ਕਰੀਬ ਹੀ ਜੁਰਮਾਨਾ ਵਸੂਲ ਹੋ ਸਕਿਆ ਹੈ। ਇਸ ਤਰ੍ਹਾਂ ਜੁਰਮਾਨੇ ਦੀ ਵਸੂਲੀ ਦੀ ਰਫ਼ਤਾਰ ਵੀ ਕਾਫ਼ੀ ਸੁਸਤ ਦਿਖਾਈ ਦੇ ਰਹੀ ਹੈ।