ਅੰਗਰੇਜ਼ਾਂ ਵੇਲੇ ਦਾ ਪੁਲ ਢਾਹੁਣ ਨਾਲ ਦਰਜਨ ਪਿੰਡਾਂ ਦੀ ਆਵਾਜਾਈ ਪ੍ਰਭਾਵਿਤ ਅੰਗਰੇਜ਼ਾਂ ਵੇਲੇ ਦਾ ਪੁਲ ਢਾਹੁਣ ਨਾਲ ਦਰਜਨ ਪਿੰਡਾਂ ਦੀ ਆਵਾਜਾਈ ਪ੍ਰਭਾਵਿਤ
Publish Date: Thu, 12 Nov 2026 03:57 PM (IST)
Updated Date: Thu, 12 Nov 2026 04:00 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ’ਤੇ ਪਿੰਡ ਪੂਹਲੀ ਨੇੜੇ ਅੰਗਰੇਜ਼ਾਂ ਦੇ ਸਮੇਂ ਬਣੇ ਦਹਾਕਿਆਂ ਪੁਰਾਣੇ ਪੁਲ ਨੂੰ ਢਾਹ ਕੇ ਨਵਾਂ ਪੁਲ ਬਣਾਉਣ ਦਾ ਕੰਮ ਸ਼ੁਰੂ ਹੋਣ ਕਾਰਨ ਇਲਾਕੇ ਦੇ ਕਰੀਬ ਇਕ ਦਰਜਨ ਪਿੰਡਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਪੁਲ ਬੰਦ ਹੋਣ ਕਾਰਨ ਪੂਹਲੀ, ਨਥਾਣਾ ਅਤੇ ਇਸ ਤੋਂ ਅੱਗੇ ਭਗਤਾ ਖੇਤਰ ਦੇ ਲੋਕਾਂ ਨੂੰ ਬਠਿੰਡਾ ਆਉਣ-ਜਾਣ ਲਈ ਬਦਲਵੇਂ ਰਸਤਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਝੋਨੇ ਦਾ ਸੀਜ਼ਨ ਹੋਣ ਕਰਕੇ ਇਸ ਦਾ ਸਭ ਤੋਂ ਵੱਧ ਅਸਰ ਕਿਸਾਨਾਂ ਤੇ ਖੇਤੀਬਾੜੀ ਨਾਲ ਜੁੜੇ ਲੋਕਾਂ ’ਤੇ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ’ਤੇ ਪਿੰਡ ਪੂਹਲੀ ਨੇੜੇ ਬਣਿਆ ਪੁਰਾਣਾ ਪੁਲ ਅੰਗਰੇਜ਼ਾਂ ਦੇ ਰਾਜ ਸਮੇਂ ਤਿਆਰ ਕੀਤਾ ਗਿਆ ਸੀ। ਦਹਾਕਿਆਂ ਪੁਰਾਣਾ ਹੋਣ ਕਾਰਨ ਹੁਣ ਇਸ ਦੀ ਥਾਂ ਨਵਾਂ ਤੇ ਚੌੜਾ ਪੁਲ ਬਣਾਉਣ ਦੀ ਯੋਜਨਾ ਤਹਿਤ ਪੁਰਾਣੇ ਪੁਲ ਨੂੰ ਢਾਹ ਦਿੱਤਾ ਗਿਆ ਹੈ ਤੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਪੁਲ ਦੇ ਨਿਰਮਾਣ ਕਾਰਨ ਨਹਿਰ ਦੀ ਪਟੜੀ ਨਾਲ ਲੱਗਦੀ ਸੜਕ ’ਤੇ ਆਵਾਜਾਈ ਬੰਦ ਹੋ ਗਈ ਹੈ। ਹਾਲਾਕਿ ਲੋਕਾਂ ਨੇ ਮੰਗ ਕੀਤੀ ਸੀ ਕਿ ਪੁਲ ਨੂੰ ਝੋਨੇ ਸੀਜ਼ਨ ਤੋਂ ਬਾਅਦ ਢਾਹਿਆ ਜਾਵੇ। ਇਸ ਨੂੰ ਲੈ ਕੇ ਲੋਕਾਂ ਨੇ ਧਰਨਾ ਵੀ ਦਿੱਤਾ ਤੇ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਸੀ। ਇਹ ਰਸਤਾ ਨਥਾਣਾ ਖੇਤਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਲਈ ਵੀ ਬਠਿੰਡਾ ਪਹੁੰਚਣ ਦਾ ਮਹੱਤਵਪੂਰਨ ਰਸਤਾ ਰਿਹਾ ਹੈ। ਬਹੁਤ ਸਾਰੇ ਲੋਕ ਨਥਾਣਾ ਤੋਂ ਪੂਹਲੀ ਰਾਹੀਂ ਸਰਹਿੰਦ ਨਹਿਰ ਦੀ ਪਟੜੀ ਵਾਲੀ ਸੜਕ ’ਤੇ ਚੜ੍ਹ ਕੇ ਸਿੱਧੇ ਬਠਿੰਡਾ ਪਹੁੰਚਦੇ ਸਨ। ਇਹ ਰਸਤਾ ਛੋਟਾ ਤੇ ਸੁਵਿਧਾਜਨਕ ਹੋਣ ਕਾਰਨ ਰੋਜ਼ਾਨਾ ਵੱਡੀ ਗਿਣਤੀ ਵਿਚ ਵਾਹਨਾਂ ਦੀ ਆਵਾਜਾਈ ਰਹਿੰਦੀ ਸੀ। ਪੁਲ ਬੰਦ ਹੋਣ ਕਾਰਨ ਹੁਣ ਲੋਕਾਂ ਨੂੰ ਪੂਹਲੀ ਦੀ ਬਜਾਏ ਪਿੰਡ ਪੂਹਲਾ ਵੱਲੋਂ ਘੁੰਮ ਕੇ ਸਰਹਿੰਦ ਨਹਿਰ ਦੀ ਸੜਕ ’ਤੇ ਪਹੁੰਚਣਾ ਪੈ ਰਿਹਾ ਹੈ। ਇਸ ਕਾਰਨ ਲੋਕਾਂ ਦਾ ਸਮਾਂ ਤੇ ਵਾਹਨਾਂ ਦੇ ਤੇਲ ਦਾ ਖਰਚਾ ਦੋਵੇਂ ਵਧ ਰਹੇ ਹਨ। ਖਾਸ ਕਰਕੇ ਰੋਜ਼ਾਨਾ ਬਠਿੰਡਾ ਡਿਊਟੀ ’ਤੇ ਜਾਣ ਵਾਲੇ ਮੁਲਾਜ਼ਮਾਂ, ਵਿਦਿਆਰਥੀਆਂ, ਵਪਾਰੀਆਂ ਅਤੇ ਹੋਰ ਕੰਮਕਾਜੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਕਸ ਝੋਨੇ ਦੇ ਸੀਜ਼ਨ ’ਚ ਕਿਸਾਨਾਂ ਦੀ ਵਧੀ ਮੁਸ਼ਕਿਲ ਇਸ ਸਮੇਂ ਝੋਨੇ ਦੀ ਫ਼ਸਲ ਨਾਲ ਸਬੰਧਤ ਕੰਮਕਾਜ ਚੱਲਣ ਕਾਰਨ ਕਿਸਾਨਾਂ ਲਈ ਵੀ ਇਹ ਰਸਤਾ ਬੇਹੱਦ ਮਹੱਤਵਪੂਰਨ ਹੈ। ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਸਾਮਾਨ, ਮਸ਼ੀਨਰੀ ਅਤੇ ਹੋਰ ਲੋੜੀਂਦੀਆਂ ਵਸਤਾਂ ਲਿਆਉਣ-ਲਿਜਾਣ ਲਈ ਵਾਧੂ ਰਸਤਾ ਤੈਅ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਮੰਡੀਆਂ, ਖੇਤੀਬਾੜੀ ਸੇਵਾਵਾਂ ਅਤੇ ਬਠਿੰਡਾ ਸ਼ਹਿਰ ਨਾਲ ਜੁੜੇ ਕੰਮਾਂ ਲਈ ਜਾਣ ਵਾਲੇ ਲੋਕਾਂ ਦੀ ਖੱਜਲ-ਖੁਆਰੀ ਵਧ ਗਈ ਹੈ। ਕਿਸਾਨਾਂ ਨੇ ਆਪਣੀ ਫਸਲ ਵੇਚਣ ਲਈ ਨਥਾਣਾ, ਪੂਹਲਾ ਅਤੇ ਪੂਹਲੀ ਦੀਆਂ ਦਾਣਾ ਮੰਡੀਆਂ ਵਿਚ ਫਸਲ ਵੇਚਣੀ ਹੁੰਦੀ ਹੈ ਪਰ ਪੁੱਲ ਢਾਹੇ ਜਾਣ ਕਾਰਨ ਕਿਸਾਨਾਂ ਦੀ ਮੁਸ਼ਕਿਲ ਵਧ ਗਈ ਹੈ। ਬਾਕਸ ਸੂਚਨਾ ਬੋਰਡ ਨਾ ਹੋਣ ਕਾਰਨ ਵਾਪਸ ਮੁੜਨ ਲਈ ਮਜਬੂਰ ਲੋਕ ਇਲਾਕੇ ਦੇ ਲੋਕਾਂ ਦੀ ਇਕ ਹੋਰ ਵੱਡੀ ਸ਼ਿਕਾਇਤ ਇਹ ਹੈ ਕਿ ਨਥਾਣਾ ਅਤੇ ਹੋਰ ਪ੍ਰਮੁੱਖ ਰਸਤਿਆਂ ’ਤੇ ਪੁਲ ਦੇ ਨਿਰਮਾਣ ਕਾਰਨ ਆਵਾਜਾਈ ਬੰਦ ਹੋਣ ਸਬੰਧੀ ਕੋਈ ਢੁੱਕਵੇਂ ਸੂਚਨਾ ਬੋਰਡ ਨਹੀਂ ਲਗਾਏ ਗਏ। ਇਸ ਕਾਰਨ ਕਈ ਵਾਹਨ ਚਾਲਕ ਪੁਰਾਣੇ ਰਸਤੇ ਰਾਹੀਂ ਪੁਲ ਤਕ ਪਹੁੰਚ ਜਾਂਦੇ ਹਨ ਅਤੇ ਅੱਗੇ ਰਸਤਾ ਬੰਦ ਮਿਲਣ ’ਤੇ ਉਨ੍ਹਾਂ ਨੂੰ ਵਾਪਸ ਮੁੜਨਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੜਕ ਬੰਦ ਹੋਣ ਦੀ ਜਾਣਕਾਰੀ ਪਹਿਲਾਂ ਹੀ ਦਿੱਤੀ ਜਾਵੇ ਅਤੇ ਬਦਲਵੇਂ ਰਸਤਿਆਂ ਦੇ ਦਿਸ਼ਾ-ਨਿਰਦੇਸ਼ ਲਗਾਏ ਜਾਣ ਤਾਂ ਲੋਕਾਂ ਨੂੰ ਬੇਲੋੜੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕਦਾ ਹੈ। ਇਲਾਕਾ ਵਾਸੀਆਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਨਿਰਮਾਣ ਕਾਰਜ ਮੁਕੰਮਲ ਹੋਣ ਤੱਕ ਨਥਾਣਾ, ਪੂਹਲੀ ਅਤੇ ਹੋਰ ਪ੍ਰਮੁੱਖ ਰਸਤਿਆਂ ’ਤੇ ਸਪੱਸ਼ਟ ਸੂਚਨਾ ਬੋਰਡ ਲਗਾਏ ਜਾਣ ਅਤੇ ਬਦਲਵੇਂ ਰਸਤਿਆਂ ਨੂੰ ਲੈ ਕੇ ਲੋਕਾਂ ਦੀ ਸਹੂਲਤ ਦਾ ਪ੍ਰਬੰਧ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਪੁਰਾਣੇ ਪੁਲ ਦੀ ਥਾਂ ਨਵਾਂ ਅਤੇ ਚੌੜਾ ਪੁਲ ਬਣਨਾ ਭਵਿੱਖ ਵਿੱਚ ਆਵਾਜਾਈ ਲਈ ਲਾਹੇਵੰਦ ਹੋਵੇਗਾ, ਪਰ ਨਿਰਮਾਣ ਕਾਰਜ ਦੌਰਾਨ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਵੱਲ ਵੀ ਵਿਭਾਗ ਨੂੰ ਧਿਆਨ ਦੇਣਾ ਚਾਹੀਦਾ ਹੈ।