ਬਠਿੰਡਾ ਦੇ ਪਿੰਡ ਢਿੱਖ 'ਚ ਖੂਨੀ ਵਿਵਾਦ, ਪਾਣੀ ਦੀ ਵਾਰੀ ਪਿੱਛੇ ਚਾਚੇ ਨੇ ਕੀਤਾ ਭਤੀਜੇ ਦਾ ਬੇਰਹਿਮੀ ਨਾਲ ਕਤਲ; ਪਿਓ ਗੰਭੀਰ ਜ਼ਖ਼ਮੀ ਜ਼ਿਲ੍ਹੇ ਦੇ ਪਿੰਡ ਢਿੱਖ 'ਚ ਖੇਤਾਂ ਦੀ ਸਿੰਜਾਈ ਲਈ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਸਕਿਆਂ ਭਰਾਵਾਂ ਵਿਚਕਾਰ ਚੱਲ ਰਿਹਾ ਪੁਰਾਣਾ ਵਿਵਾਦ ਸ਼ੁੱਕਰਵਾਰ ਨੂੰ ਖ਼ੂਨੀ ਸੰਘਰਸ਼ 'ਚ ਬਦਲ ਗਿਆ। ਵਿਵਾਦ ਦੌਰਾਨ ਛੋਟੇ ਭਰਾ ਨੇ ਆਪਣੀ ਪਤਨੀ ਅਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਆਪਣੇ 24 ਸਾਲਾ ਭਤੀਜੇ ਆਕਾਸ਼ਦੀਪ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ, ਜਦੋਂ ਕਿ ਆਪਣੇ ਵੱਡੇ ਭਰਾ ਹਰਮੰਦਰ ਸਿੰਘ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਥਾਣਾ ਬਾਲਿਆਂਵਾਲੀ ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਛੋਟੇ ਭਰਾ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ
Publish Date: Fri, 24 Jul 2026 04:08 PM (IST)
Updated Date: Fri, 24 Jul 2026 04:09 PM (IST)
ਜਾਗਰਣ ਸੰਵਾਦਦਾਤਾ, ਬਠਿੰਡਾ/ਰਾਮਪੁਰਾ ਫੂਲ : ਜ਼ਿਲ੍ਹੇ ਦੇ ਪਿੰਡ ਢਿੱਖ 'ਚ ਖੇਤਾਂ ਦੀ ਸਿੰਜਾਈ ਲਈ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਸਕਿਆਂ ਭਰਾਵਾਂ ਵਿਚਕਾਰ ਚੱਲ ਰਿਹਾ ਪੁਰਾਣਾ ਵਿਵਾਦ ਸ਼ੁੱਕਰਵਾਰ ਨੂੰ ਖ਼ੂਨੀ ਸੰਘਰਸ਼ 'ਚ ਬਦਲ ਗਿਆ। ਵਿਵਾਦ ਦੌਰਾਨ ਛੋਟੇ ਭਰਾ ਨੇ ਆਪਣੀ ਪਤਨੀ ਅਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਆਪਣੇ 24 ਸਾਲਾ ਭਤੀਜੇ ਆਕਾਸ਼ਦੀਪ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ, ਜਦੋਂ ਕਿ ਆਪਣੇ ਵੱਡੇ ਭਰਾ ਹਰਮੰਦਰ ਸਿੰਘ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਥਾਣਾ ਬਾਲਿਆਂਵਾਲੀ ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਛੋਟੇ ਭਰਾ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਾਕੀ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਢਿੱਖ ਦੇ ਰਹਿਣ ਵਾਲੇ ਹਰਮੰਦਰ ਸਿੰਘ ਦਾ ਆਪਣੇ ਛੋਟੇ ਭਰਾ ਕੁਲਵੰਤ ਸਿੰਘ ਨਾਲ ਲੰਬੇ ਸਮੇਂ ਤੋਂ ਜ਼ਮੀਨ ਦੀ ਵੰਡ ਅਤੇ ਖੇਤਾਂ 'ਚ ਪਾਣੀ ਲਾਉਣ ਦੀ ਵਾਰੀ ਨੂੰ ਲੈ ਕੇ ਵਿਵਾਦ ਚੱਲਿਆ ਆ ਰਿਹਾ ਸੀ। ਕਈ ਵਾਰ ਪੰਚਾਇਤ ਪੱਧਰ 'ਤੇ ਵੀ ਮਾਮਲੇ ਨੂੰ ਸੁਲਝਾਉਣ ਦੇ ਯਤਨ ਕੀਤੇ ਗਏ, ਪਰ ਵਿਵਾਦ ਖ਼ਤਮ ਨਹੀਂ ਹੋ ਸਕਿਆ। ਇਸੇ ਰੰਜਿਸ਼ ਦੇ ਚੱਲਦਿਆਂ ਦੋਵਾਂ ਧਿਰਾਂ ਵਿਚਾਲੇ ਤਣਾਅ ਬਣਿਆ ਹੋਇਆ ਸੀ।
ਸ਼ੁੱਕਰਵਾਰ ਸਵੇਰੇ ਆਕਾਸ਼ਦੀਪ ਸਿੰਘ ਆਪਣੇ ਪਿਤਾ ਹਰਮੰਦਰ ਸਿੰਘ ਨਾਲ ਖੇਤਾਂ 'ਚ ਪਾਣੀ ਲਾਉਣ ਗਿਆ ਸੀ। ਇਸੇ ਦੌਰਾਨ ਪਾਣੀ ਦੀ ਵਾਰੀ ਨੂੰ ਲੈ ਕੇ ਉਸ ਦੀ ਆਪਣੇ ਚਾਚੇ ਕੁਲਵੰਤ ਸਿੰਘ ਨਾਲ ਕਹਾ-ਸੁਣੀ ਹੋ ਗਈ। ਦੇਖਦਿਆਂ ਹੀ ਦੇਖਦਿਆਂ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ ਅਤੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਦੋਸ਼ੀ ਕੁਲਵੰਤ ਸਿੰਘ, ਮਨਜੀਤ ਕੌਰ ਅਤੇ ਰੂਪਚੰਦ ਨੇ ਮਿਲ ਕੇ ਆਕਾਸ਼ਦੀਪ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਕੇ ਖੇਤ 'ਚ ਡਿੱਗ ਪਿਆ। ਪੁੱਤ ਨੂੰ ਬਚਾਉਣ ਲਈ ਅੱਗੇ ਆਏ ਹਰਮੰਦਰ ਸਿੰਘ ਨਾਲ ਵੀ ਕੁੱਟਮਾਰ ਕੀਤੀ ਗਈ, ਜਿਸ ਨਾਲ ਉਹ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਤੁਰੰਤ ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਰਾਮਪੁਰਾ ਲੈ ਕੇ ਪਹੁੰਚੇ। ਉੱਥੇ ਡਾਕਟਰਾਂ ਨੇ ਆਕਾਸ਼ਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਹਰਮੰਦਰ ਸਿੰਘ ਦਾ ਇਲਾਜ ਜਾਰੀ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ 'ਚ ਮਾਤਮ ਛਾ ਗਿਆ। ਪਿੰਡ ਵਾਸੀਆਂ ਅਨੁਸਾਰ ਮ੍ਰਿਤਕ ਆਕਾਸ਼ਦੀਪ ਸਿੰਘ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੀ ਇੱਕ ਸਾਲ ਦੀ ਧੀ ਹੈ। ਪਰਿਵਾਰ ਦੀ ਆਰਥਿਕ ਜ਼ਿੰਮੇਵਾਰੀ ਵੀ ਉਸੇ ਦੇ ਮੋਢਿਆਂ 'ਤੇ ਸੀ। ਉਸ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ 'ਚ ਘਟਨਾ ਤੋਂ ਬਾਅਦ ਸੋਗ ਦੇ ਨਾਲ-ਨਾਲ ਤਣਾਅ ਦਾ ਮਾਹੌਲ ਵੀ ਬਣਿਆ ਹੋਇਆ ਹੈ।
ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਬਾਲਿਆਂਵਾਲੀ ਪੁਲਿਸ ਅਤੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਇਜ਼ਾ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਡੀ.ਐੱਸ.ਪੀ. ਮੌੜ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਢਿੱਖ 'ਚ ਖੇਤ ਦੇ ਪਾਣੀ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਆਕਾਸ਼ਦੀਪ ਸਿੰਘ 'ਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਕਤਲ ਦਾ ਕੇਸ ਦਰਜ ਕਰਕੇ ਮੁੱਖ ਦੋਸ਼ੀ ਕੁਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਮਜ਼ਦ ਦੋਸ਼ੀ ਮਨਜੀਤ ਕੌਰ ਅਤੇ ਰੂਪਚੰਦ ਵਾਸੀ ਪਿੰਡ ਢਿੱਖ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।