ਬਠਿੰਡਾ ’ਚ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਰੋਡ ਜਾਲੀਆਂ ਬਠਿੰਡਾ ਵਿੱਚ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਰੋਡ ਜਾਲੀਆਂ
Publish Date: Sun, 18 Oct 2026 07:53 PM (IST)
Updated Date: Sun, 18 Oct 2026 07:54 PM (IST)
ਹਰ ਸਾਲ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਕਈ ਥਾਵਾਂ ’ਤੇ ਜਾਲੀਆਂ ਬੰਦ, ਕਈ ਥਾਵਾਂ ’ਤੇ ਸੀਵਰੇਜ ਦੇ ਢੱਕਣ ਗਾਇਬ; ਹਾਦਸਿਆਂ ਦਾ ਖ਼ਤਰਾ ਸੰਜੀਵ ਗੋਇਲ ਨੇ ਨਗਰ ਨਿਗਮ ਤੋਂ ਸਮੱਸਿਆਵਾਂ ਵੱਲ ਤੁਰੰਤ ਧਿਆਨ ਦੇਣ ਦੀ ਕੀਤੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਈਆਂ ਗਈਆਂ ਜਾਲੀਆਂ ਦੀ ਮਾੜੀ ਹਾਲਤ ਤੇ ਖੁੱਲ੍ਹੇ ਪਏ ਸੀਵਰੇਜ ਦੇ ਢੱਕਣਾਂ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਬਣਿਆ ਹੋਇਆ ਹੈ। ਹਰ ਸਾਲ ਨਗਰ ਨਿਗਮ ਵੱਲੋਂ ਬਰਸਾਤੀ ਜਾਲੀਆਂ ਦੀ ਸਫ਼ਾਈ ਤੇ ਟੁੱਟੀਆਂ ਜਾਲੀਆਂ ਦੀ ਮੁਰੰਮਤ ’ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾਣ ਦੇ ਬਾਵਜੂਦ ਸ਼ਹਿਰ ਦੇ ਕਈ ਇਲਾਕਿਆਂ ਵਿਚ ਇਹ ਜਾਲੀਆਂ ਕੂੜੇ-ਕਰਕਟ, ਮਿੱਟੀ ਅਤੇ ਪੱਥਰਾਂ ਨਾਲ ਭਰੀਆਂ ਪਈਆਂ ਹਨ। ਇਸ ਕਾਰਨ ਬਰਸਾਤ ਦੌਰਾਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਣ ਦੇ ਨਾਲ-ਨਾਲ ਜਾਨੀ ਤੇ ਮਾਲੀ ਨੁਕਸਾਨ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਆਰਟੀਆਈ ਕਾਰਕੁਨ ਤੇ ਗਾਹਕ ਜਾਗੋ ਦੇ ਸਕੱਤਰ ਸੰਜੀਵ ਗੋਇਲ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਬਰਸਾਤੀ ਜਾਲੀਆਂ ਦੀ ਮਾੜੀ ਹਾਲਤ ਦਾ ਮੁੱਦਾ ਉਠਾਉਂਦਿਆਂ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਅਨੁਸਾਰ, ਸ਼ਹਿਰ ਵਿੱਚ ਕਈ ਥਾਵਾਂ ’ਤੇ ਬਰਸਾਤੀ ਜਾਲੀਆਂ ਦੇ ਢੱਕਣ ਗਾਇਬ ਹਨ, ਜਦਕਿ ਕਈ ਜਾਲੀਆਂ ਲੰਮੇ ਸਮੇਂ ਤੋਂ ਬੰਦ ਪਈਆਂ ਹਨ। ਇਸ ਦੇ ਬਾਵਜੂਦ ਇਨ੍ਹਾਂ ਦੀ ਸਫ਼ਾਈ ਅਤੇ ਮੁਰੰਮਤ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਮਾਡਲ ਟਾਊਨ ਫੇਜ਼-1 ਵਿਚ ਕਾਲੀ ਮਾਤਾ ਮੰਦਰ ਨੇੜੇ ਇੱਕ ਬਰਸਾਤੀ ਜਾਲੀ ਕਾਫ਼ੀ ਸਮੇਂ ਤੋਂ ਖੁੱਲ੍ਹੀ ਪਈ ਹੈ। ਇਸ ਸੜਕ ਤੋਂ ਵੱਡੀ ਗਿਣਤੀ ਵਿਚ ਵਾਹਨ ਤੇ ਰਾਹਗੀਰ ਲੰਘਦੇ ਹਨ। ਖ਼ਾਸ ਕਰਕੇ ਸ਼ਨੀਵਾਰ ਨੂੰ ਇੱਥੇ ਲੋਕਾਂ ਦੀ ਕਾਫ਼ੀ ਭੀੜ ਰਹਿੰਦੀ ਹੈ। ਅਜਿਹੇ ਵਿਚ ਖੁੱਲ੍ਹੀ ਜਾਲੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਪਾਰਕ ਨੰਬਰ-22 ਦੇ ਅੰਦਰ ਸੀਵਰੇਜ ਦਾ ਢੱਕਣ ਵੀ ਗਾਇਬ ਹੈ, ਜਿਸ ਕਾਰਨ ਸੀਵਰੇਜ ਦਾ ਮੂੰਹ ਪਿਛਲੇ ਕਈ ਦਿਨਾਂ ਤੋਂ ਖੁੱਲ੍ਹਾ ਪਿਆ ਹੈ। ਇਸ ਨਾਲ ਪਾਰਕ ਵਿੱਚ ਆਉਣ ਵਾਲੇ ਲੋਕਾਂ, ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਮਾਡਲ ਟਾਊਨ ਫੇਜ਼-1 ਵਿਚ ਆਰਓ. ਪਲਾਂਟ ਦੇ ਸਾਹਮਣੇ ਸੜਕ ’ਤੇ ਇਕ ਹੋਰ ਬਰਸਾਤੀ ਜਾਲੀ ਕਈ ਮਹੀਨਿਆਂ ਤੋਂ ਖੁੱਲ੍ਹੀ ਪਈ ਹੈ। ਸੰਜੀਵ ਗੋਇਲ ਅਨੁਸਾਰ ਲੋਕਾਂ ਨੇ ਸੰਭਾਵੀ ਹਾਦਸੇ ਨੂੰ ਰੋਕਣ ਲਈ ਇਸ ਨੂੰ ਟੁੱਟੇ ਹੋਏ ਟ੍ਰੀ ਗਾਰਡ ਦੇ ਕੰਕਰੀਟ ਨਾਲ ਢੱਕਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਬਾਵਜੂਦ ਨਗਰ ਨਿਗਮ ਕੋਲ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਇਸ ਦੀ ਮੁਰੰਮਤ ਨਹੀਂ ਹੋਈ। ਇਸ ਤੋਂ ਇਲਾਵਾ ਜੀਟੀ. ਰੋਡ ’ਤੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੇ ਸਾਹਮਣੇ ਯੂਨੀਅਨ ਬੈਂਕ ਨੇੜੇ ਇੱਕ ਬਰਸਾਤੀ ਜਾਲੀ ਲੰਮੇ ਸਮੇਂ ਤੋਂ ਖੁੱਲ੍ਹੀ ਪਈ ਹੈ। ਇਹ ਜਾਲੀ ਇੱਟਾਂ ਅਤੇ ਪੱਥਰਾਂ ਨਾਲ ਭਰੀ ਹੋਣ ਕਾਰਨ ਪਾਣੀ ਦੀ ਨਿਕਾਸੀ ਲਈ ਵੀ ਬੇਅਸਰ ਹੋ ਚੁੱਕੀ ਹੈ। ਸੰਜੀਵ ਗੋਇਲ ਨੇ ਦੱਸਿਆ ਕਿ ਇਹ ਸਮੱਸਿਆ ਸਿਰਫ਼ ਇੱਕ-ਦੋ ਇਲਾਕਿਆਂ ਤੱਕ ਸੀਮਤ ਨਹੀਂ ਹੈ। ਅਜੀਤ ਰੋਡ, ਅਮਰੀਕ ਸਿੰਘ ਰੋਡ, ਹਾਥੀ ਮੰਦਰ ਵਾਲੀ ਗਲੀ, ਕਲਕੱਤੇ ਵਾਲੀ ਗਲੀ, ਨਵੀਂ ਬਸਤੀ, ਸੁਰਖਪੀਰ ਰੋਡ, ਪ੍ਰਤਾਪ ਨਗਰ, ਪਰਸ ਰਾਮ ਨਗਰ, ਪਰਿੰਦਾ ਰੋਡ, ਗੁਰੂ ਤੇਗ ਬਹਾਦਰ ਨਗਰ, ਮਹਿਣਾ ਚੌਕ, ਸਿਰਕੀ ਬਾਜ਼ਾਰ, ਮਾਲਵੀਆ ਨਗਰ, ਗੁਰੂ ਨਾਨਕ ਪੁਰਾ, ਸਿਵਲ ਲਾਈਨਜ਼, ਮਾਲ ਗੋਦਾਮ ਰੋਡ, ਵੀਰ ਕਾਲੋਨੀ ਅਤੇ ਲਾਲ ਸਿੰਘ ਬਸਤੀ ਸਮੇਤ ਕਈ ਇਲਾਕਿਆਂ ਵਿੱਚ ਬਰਸਾਤੀ ਜਾਲੀਆਂ ਦੀ ਸਫ਼ਾਈ ਅਤੇ ਮੁਰੰਮਤ ਦੀ ਲੋੜ ਹੈ। ਉਨ੍ਹਾਂ ਨਗਰ ਨਿਗਮ ਬਠਿੰਡਾ ਦੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹਿਰ ਦੀਆਂ ਸਾਰੀਆਂ ਬਰਸਾਤੀ ਜਾਲੀਆਂ ਦੀ ਜਾਂਚ ਕਰਵਾਈ ਜਾਵੇ, ਬੰਦ ਜਾਲੀਆਂ ਦੀ ਸਫ਼ਾਈ ਕੀਤੀ ਜਾਵੇ ਅਤੇ ਖੁੱਲ੍ਹੀਆਂ ਜਾਂ ਟੁੱਟੀਆਂ ਜਾਲੀਆਂ ਦੇ ਢੱਕਣ ਤੁਰੰਤ ਲਗਾਏ ਜਾਣ। ਇਸ ਦੇ ਨਾਲ ਹੀ ਖੁੱਲ੍ਹੇ ਪਏ ਸੀਵਰੇਜ ਦੇ ਢੱਕਣਾਂ ਨੂੰ ਵੀ ਬਿਨਾਂ ਦੇਰੀ ਠੀਕ ਕੀਤਾ ਜਾਵੇ, ਤਾਂ ਜੋ ਬਰਸਾਤ ਦੌਰਾਨ ਜਲ ਭਰਨ ਦੀ ਸਮੱਸਿਆ ਤੋਂ ਬਚਾਅ ਹੋ ਸਕੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।