ਚੋਰਾਂ ਨੇ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ, 11 ਲੱਖ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਚੋਰਾਂ ਨੇ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ, 11 ਲੱਖ ਰੁਪਏ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ
Publish Date: Thu, 06 Aug 2026 04:43 PM (IST)
Updated Date: Fri, 07 Aug 2026 04:02 AM (IST)
ਚੋਰੀ ਦੀਆਂ ਵਧਦੀਆਂ ਵਾਰਦਾਤਾਂ ਕਾਰਨ ਲੋਕਾਂ ’ਚ ਦਹਿਸ਼ਤ ਕੈਪਸ਼ਨ: ਪਰਤਾਪ ਨਗਰ ਦੇ ਘਰ ਵਿਚ ਚੋਰੀ ਬਾਅਦ ਖਿਲਰਿਆ ਹੋਇਆ ਸਮਾਨ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਬੁੱਧਵਾਰ ਰਾਤ ਅਣਪਛਾਤੇ ਚੋਰਾਂ ਨੇ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 11 ਲੱਖ ਰੁਪਏ ਮੁੱਲ ਦੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੇ ਹੱਥ ਸਾਫ਼ ਕਰ ਦਿੱਤਾ। ਪਹਿਲੀ ਘਟਨਾ ਪ੍ਰਤਾਪ ਨਗਰ ਗਲੀ ਨੰਬਰ 4 ਦੇ ਰਹਿਣ ਵਾਲੇ ਮਨੀਸ਼ ਕੁਮਾਰ ਦੇ ਘਰ ਵਾਪਰੀ। ਮਨੀਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਵਿਦੇਸ਼ ਤੋਂ ਵਾਪਸ ਆ ਰਹੇ ਸਨ। ਉਨ੍ਹਾਂ ਨੂੰ ਲੈਣ ਲਈ ਉਹ ਆਪਣੇ ਪੂਰੇ ਪਰਿਵਾਰ ਸਮੇਤ ਬੁੱਧਵਾਰ ਸ਼ਾਮ ਬਠਿੰਡਾ ਤੋਂ ਦਿੱਲੀ ਹਵਾਈ ਅੱਡੇ ਗਏ ਹੋਏ ਸਨ। ਜਦੋਂ ਸਵੇਰੇ ਪਰਿਵਾਰ ਵਾਪਸ ਘਰ ਪੁੱਜਿਆ ਤਾਂ ਘਰ ਦਾ ਮੁੱਖ ਦਰਵਾਜ਼ਾ ਖੋਲ੍ਹਦੇ ਹੀ ਅੰਦਰ ਦਾ ਨਜ਼ਾਰਾ ਦੇਖ ਕੇ ਉਹ ਹੈਰਾਨ ਰਹਿ ਗਏ। ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਪੀੜਤ ਨੇ ਦੱਸਿਆ ਕਿ ਚੋਰ ਘਰ ਦੇ ਪਿਛਲੇ ਪਾਸੇ ਦੀ ਤਾਕੀ (ਖਿੜਕੀ) ਤੋੜ ਕੇ ਅੰਦਰ ਦਾਖਲ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਅਲਮਾਰੀਆਂ ਦੀ ਭੰਨ੍ਹ-ਤੋੜ ਕਰਕੇ ਉਨ੍ਹਾਂ ਵਿੱਚ ਰੱਖੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਮਨੀਸ਼ ਕੁਮਾਰ ਦੇ ਅਨੁਸਾਰ ਚੋਰੀ ਹੋਏ ਸੋਲੇ ਤੇ ਚਾਂਦੀ ਦੇ ਗਹਿਣਿਆਂ ਦੀ ਕੀਮਤ ਕਰੀਬ 4 ਲੱਖ ਰੁਪਏ ਹੈ। ਦੋਵਾਂ ਵਾਰਦਾਤਾਂ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਡਰ ਅਤੇ ਰੋਸ ਦਾ ਮਾਹੌਲ ਹੈ। ਲੋਕਾਂ ਨੇ ਪੁਲਿਸ ਤੋਂ ਰਾਤ ਸਮੇਂ ਗਸ਼ਤ ਵਧਾਉਣ ਤੇ ਚੋਰਾਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਹੈ। ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਅਣਪਛਾਤੇ ਚੋਰਾਂ ਦੀ ਪਛਾਣ ਲਈ ਯਤਨ ਜਾਰੀ ਹਨ। ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਬਾਕਸ 7 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ, ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਸ਼ਿਕਾਇਤਕਰਤਾ ਲਖਵੀਰ ਸਿੰਘ ਪੁੱਤਰ ਅਜੀਬ ਸਿੰਘ ਵਾਸੀ ਪਿੰਡ ਬੁਰਜ ਥਰੋੜ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ 29 ਜੁਲਾਈ ਤੋਂ 1 ਅਗਸਤ ਤਕ ਆਪਣੇ ਘਰ ਤੋਂ ਬਾਹਰ ਸੀ। ਇਸ ਦੌਰਾਨ ਅਣਪਛਾਤੇ ਚੋਰ ਉਸ ਦੇ ਘਰ ਵਿੱਚ ਦਾਖ਼ਲ ਹੋ ਗਏ ਅਤੇ ਕਰੀਬ 7 ਲੱਖ ਰੁਪਏ ਕੀਮਤ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ। ਜਦੋਂ ਉਹ ਘਰ ਵਾਪਸ ਆਇਆ ਤਾਂ ਘਰ ਦਾ ਸਮਾਨ ਖਿਲਰਿਆ ਹੋਇਆ ਸੀ ਅਤੇ ਸੋਨੇ ਦੇ ਗਹਿਣੇ ਗਾਇਬ ਸਨ। ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਮੁੱਢਲੀ ਜਾਂਚ ਤੋਂ ਬਾਅਦ ਥਾਣਾ ਭਗਤਾ ਭਾਈਕਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਯਤਨ ਜਾਰੀ ਹਨ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।