ਮੰਗਾਂ ਨਾ ਮੰਨਣ ’ਤੇ ਕੰਟਰੈਕਟ ਅਧਿਆਪਕਾਂ ਨੇ ਬੰਦ ਕੀਤਾ ਗੁਰੂ ਕਾਸ਼ੀ ਕੈਂਪਸ ਦਾ ਗੇਟ ਮੰਗਾਂ ਨਾ ਮੰਨਣ ’ਤੇ ਕੰਟਰੈਕਟ ਅਧਿਆਪਕਾਂ ਨੇ ਬੰਦ ਕੀਤਾ ਗੁਰੂ ਕਾਸ਼ੀ ਕੈਂਪਸ ਦਾ ਗੇਟ
Publish Date: Wed, 09 Sep 2026 08:08 PM (IST)
Updated Date: Thu, 10 Sep 2026 04:08 AM (IST)
* ਸਮੂਹ ਕੈਂਪਸ ਤੇ ਕਾਲਜਾਂ ’ਚ ਤਾਲਾਬੰਦੀ, ਰੈਗੂਲਰ-ਗੈਸਟ-ਨਾਨ-ਟੀਚਿੰਗ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਸੰਘਰਸ਼ ਨੂੰ ਸਮਰਥਨ ਫੋਟੋ : 10, 11 ਕੈਪਸ਼ਨ : ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦਾ ਮੁੱਖ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਦੇ ਪੰਜਾਬੀ ਯੂਨੀਵਰਸਿਟੀ ਦੇ ਕੰਟਰੈਕਟ ਸਹਾਇਕ ਪ੍ਰੋਫ਼ੈਸਰ ਅਤੇ ਸਮਰਥਕ। ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਦੇ ਸੱਦੇ ’ਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਕੰਟਰੈਕਟ ਸਹਾਇਕ ਪ੍ਰੋਫ਼ੈਸਰਾਂ ਵੱਲੋਂ ਬੁੱਧਵਾਰ ਨੂੰ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦਾ ਮੁੱਖ ਗੇਟ ਬੰਦ ਕਰ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਕੈਂਪਸ, ਰੀਜਨਲ ਸੈਂਟਰਾਂ, ਨੇਬਰਹੁੱਡ ਕੈਂਪਸਾਂ ਤੇ ਕੰਸਟੀਚੂਐਂਟ ਕਾਲਜਾਂ ’ਚ ਵੀ ਪੂਰਨ ਤਾਲਾਬੰਦੀ ਰਹੀ। ਐਸੋਸੀਏਸ਼ਨ ਆਗੂ ਡਾ. ਮਨਮਿੰਦਰ ਕੌਰ ਨੇ ਕਿਹਾ ਕਿ ਕੰਟਰੈਕਟ ਸਹਾਇਕ ਪ੍ਰੋਫ਼ੈਸਰ 18 ਅਗਸਤ ਤੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਸ਼ਾਂਤਮਈ ਧਰਨਾ ਦੇ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਮੰਗਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਹੁਣ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਅਧਿਆਪਕਾਂ ਨੇ ਕੈਂਪਸ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਬਲਦੇਵ ਸਿੰਘ ਨੇ ਕਿਹਾ ਕਿ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਰੈਗੂਲਰ, ਕੰਟਰੈਕਟ, ਗੈਸਟ ਤੇ ਪੀ.ਟੀ.ਏ. ਵਰਗਾਂ ਵਿੱਚ ਵੰਡ ਕੇ ਉਨ੍ਹਾਂ ਦੇ ਸਾਂਝੇ ਹੱਕਾਂ ਦੀ ਲੜਾਈ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਗੈਸਟ ਫੈਕਲਟੀ ਅਧਿਆਪਕ ਗੁਰਮੀਤ ਸਿੰਘ ਨੇ ਕੰਟਰੈਕਟ, ਗੈਸਟ ਅਤੇ ਪੀ.ਟੀ.ਏ. ਅਧਿਆਪਕਾਂ ਨਾਲ ਕਥਿਤ ਵਿਤਕਰੇ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੱਕ ਨਹੀਂ ਮਿਲ ਰਹੀਆਂ। ਡਾ. ਅਮਨਦੀਪ ਕੌਰ ਨੇ ਮੰਗ ਕੀਤੀ ਕਿ ਕੰਟਰੈਕਟ ਸਹਾਇਕ ਪ੍ਰੋਫ਼ੈਸਰਾਂ ਨੂੰ ਯੂਜੀਸੀ ਰੈਗੂਲੇਸ਼ਨ 2010 ਅਤੇ 2018 ਅਨੁਸਾਰ ਪੂਰਾ ਤਨਖਾਹ ਸਕੇਲ ਦਿੱਤਾ ਜਾਵੇ। ਪ੍ਰੋਫ਼ੈਸਰ ਗਗਨਪ੍ਰੀਤ ਸਿੰਘ ਨੇ ਅਦਾਲਤੀ ਫ਼ੈਸਲਿਆਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਪ੍ਰੋਫ਼ੈਸਰ ਲਖਬੀਰ ਸਿੰਘ ਨੇ 7 ਸਤੰਬਰ ਨੂੰ ਅਧਿਆਪਕਾਂ ਨਾਲ ਕਥਿਤ ਬਦਸਲੂਕੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਰੈਗੂਲਰ ਅਧਿਆਪਕਾਂ, ਨਾਨ-ਟੀਚਿੰਗ ਸਟਾਫ਼, ਗੈਸਟ ਫੈਕਲਟੀ, ਪੀ.ਟੀ.ਏ. ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸੰਘਰਸ਼ ਨੂੰ ਸਮਰਥਨ ਦਿੱਤਾ ਗਿਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।