ਨਿਯੁਕਤੀ ਪੱਤਰਾਂ ਦੀ ਉਡੀਕ ’ਚ ਠੇਕਾ ਮੁਲਾਜ਼ਮਾਂ ਦਾ ਸੰਘਰਸ਼ 14ਵੇਂ ਦਿਨ ’ਚ ਦਾਖ਼ਲ। ਨਿਯੁਕਤੀ ਪੱਤਰਾਂ ਦੀ ਉਡੀਕ ’ਚ ਠੇਕਾ ਮੁਲਾਜ਼ਮਾਂ ਦਾ ਸੰਘਰਸ਼ 14ਵੇਂ ਦਿਨ ’ਚ ਦਾਖ਼ਲ।
Publish Date: Wed, 12 Aug 2026 04:40 PM (IST)
Updated Date: Wed, 12 Aug 2026 04:41 PM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ ਭੁੱਚੋ ਮੰਡੀ ਸਾਂਝੀ ਥਰਮਲਜ਼ ਕੰਟਰੈਕਟਰ ਵਰਕਰ ਸੰਘਰਸ਼ ਕਮੇਟੀ ਏਟਕ ਪੰਜਾਬ ਦੇ ਸੱਦੇ ਤਹਿਤ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਵੱਲੋਂ ਜੀਐੱਚਟੀਪੀ ਕੰਟਰੈਕਟਰ ਵਰਕਰ ਯੂਨੀਅਨ ਏਟਕ ਦੀ ਅਗਵਾਈ ਹੇਠ 30 ਜੁਲਾਈ ਤੋਂ ਸ਼ੁਰੂ ਕੀਤਾ ਗਿਆ ਕੰਮਾਂ ਦਾ ਮੁਕੰਮਲ ਬਾਈਕਾਟ 14ਵੇਂ ਦਿਨ ਵੀ ਜਾਰੀ ਰਿਹਾ। ਹੜਤਾਲੀ ਮੁਲਾਜ਼ਮਾਂ ਨੇ ਥਰਮਲ ਪਲਾਂਟ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਏਟਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ, ਸੀਐਂਡਆਈ ਸਰਕਲ ਦੇ ਆਗੂ ਬਲਵਿੰਦਰ ਸਿੰਘ ਬੱਲੀ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਬਾਠ ਨੇ ਕਿਹਾ ਕਿ 30 ਜੂਨ ਨੂੰ ਜਾਰੀ ਨੋਟੀਫਿਕੇਸ਼ਨ ਤਹਿਤ ਠੇਕਾ ਪ੍ਰਣਾਲੀ ਖ਼ਤਮ ਕਰਕੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਪਾਵਰਕਾਮ ਵਿਚ ਸਿੱਧੇ ਸ਼ਾਮਲ ਕਰਨ ਦੀ ਪ੍ਰਕਿਰਿਆ ਤਹਿਤ ਨਿਯੁਕਤੀ ਪੱਤਰ ਜਾਰੀ ਕੀਤੇ ਜਾਣੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਰੋਕ ਦਿੱਤੇ ਜਾਣ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਆਗੂਆਂ ਨੇ ਕਿਹਾ ਕਿ ਠੇਕਾ ਮੁਲਾਜ਼ਮ ਲੰਬੇ ਸਮੇਂ ਤੋਂ ਘੱਟ ਤਨਖ਼ਾਹਾਂ ’ਤੇ ਠੇਕਾ ਪ੍ਰਣਾਲੀ ਤਹਿਤ ਕੰਮ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਠੇਕਾ ਪ੍ਰਣਾਲੀ ਕਾਰਨ ਮੁਲਾਜ਼ਮਾਂ ਦਾ ਆਰਥਿਕ ਸ਼ੋਸ਼ਣ ਹੋ ਰਿਹਾ ਹੈ ਅਤੇ ਸਰਕਾਰਾਂ ਵੱਲੋਂ ਇਸ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਬਜਾਏ ਲਗਾਤਾਰ ਜਾਰੀ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਹੱਕਾਂ ਲਈ ਜਥੇਬੰਦੀ ਵੱਲੋਂ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਜਥੇਬੰਦੀ ਵੱਲੋਂ ਕੀਤੇ ਜਾ ਰਹੇ ਤਿੱਖੇ ਸੰਘਰਸ਼ ਦੇ ਚਲਦਿਆਂ ਪੰਜਾਬ ਸਰਕਾਰ ਨਾਲ 13 ਅਗਸਤ ਨੂੰ ਮਸਲਿਆਂ ਦੇ ਨਿਪਟਾਰੇ ਲਈ ਮੀਟਿੰਗ ਤੈਅ ਕੀਤੀ ਗਈ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਿਯੁਕਤੀ ਪੱਤਰ ਤੁਰੰਤ ਜਾਰੀ ਕਰਕੇ ਠੇਕਾ ਮੁਲਾਜ਼ਮਾਂ ਨੂੰ ਸਿੱਧੇ ਪਾਵਰਕਾਮ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ਼ ਮੀਟਿੰਗਾਂ ਜਾਂ ਭਰੋਸਿਆਂ ਨਾਲ ਸੰਘਰਸ਼ ਖ਼ਤਮ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਮੰਗਾਂ ਦਾ ਪੱਕਾ ਹੱਲ ਨਹੀਂ ਹੁੰਦਾ, ਹੜਤਾਲ ਜਾਰੀ ਰਹੇਗੀ। ਇਸ ਮੌਕੇ ਸੋਮਜੀਤ ਸਿੰਘ ਲਹਿਰਾ, ਰਣਜੀਤ ਸਿੰਘ ਬੱਗਾ ਸੀਨੀਅਰ ਮੀਤ ਪ੍ਰਧਾਨ ਏਟਕ, ਪਾਲ ਸਿੰਘ ਚੱਕ, ਰਾਜਿੰਦਰ ਸਿੰਘ ਨਿੰਮਾ ਜਨਰਲ ਸਕੱਤਰ, ਰਘਬੀਰ ਸਿੰਘ ਸੈਣੀ ਆਗੂ ਇੰਪਲਾਇਜ਼ ਫੈਡਰੇਸ਼ਨ ਚਾਹਲ, ਇਕਬਾਲ ਸਿੰਘ ਖਾਲਸਾ ਅਤੇ ਹਰਪਾਲ ਸਿੰਘ ਆਲੀਕੇ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਏਟਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ, ਸੀਐਂਡਆਈ ਸਰਕਲ ਦੇ ਆਗੂ ਬਲਵਿੰਦਰ ਸਿੰਘ ਬੱਲੀ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਬਾਠ ਨੇ ਕਿਹਾ ਕਿ 30 ਜੂਨ ਨੂੰ ਜਾਰੀ ਨੋਟੀਫਿਕੇਸ਼ਨ ਤਹਿਤ ਠੇਕਾ ਪ੍ਰਣਾਲੀ ਖ਼ਤਮ ਕਰਕੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਪਾਵਰਕਾਮ ਵਿੱਚ ਸਿੱਧੇ ਸ਼ਾਮਲ ਕਰਨ ਦੀ ਪ੍ਰਕਿਰਿਆ ਤਹਿਤ ਨਿਯੁਕਤੀ ਪੱਤਰ ਜਾਰੀ ਕੀਤੇ ਜਾਣੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਰੋਕ ਦਿੱਤੇ ਜਾਣ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ।