ਸੰਗਤ ਕਲਾਂ ਤੋਂ ਗੁੜਥੜੀ ਲਿੰਕ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਸੰਗਤ ਕਲਾਂ ਤੋਂ ਗੁੜਥੜੀ ਲਿੰਕ ਰੋਡ ਦਾ ਨਿਰਮਾਣ ਕਾਰਜ ਸ਼ੁਰੂ, 47 ਲੱਖ ਰੁਪਏ ਹੋਣਗੇ ਖਰਚ
Publish Date: Fri, 30 Oct 2026 05:49 PM (IST)
Updated Date: Sat, 31 Oct 2026 04:02 AM (IST)
ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਨੇ ਲੱਡੂ ਵੰਡ ਕੇ ਕਰਵਾਈ ਸ਼ੁਰੂਆਤ ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ : ਹਲਕਾ ਬਠਿੰਡਾ ਦਿਹਾਤੀ ਦੇ ਪਿੰਡਾਂ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਪਰਾਲਿਆਂ ਤਹਿਤ ਸੰਗਤ ਕਲਾਂ ਤੋਂ ਪਿੰਡ ਗੁੜਥੜੀ ਨੂੰ ਜਾਣ ਵਾਲੀ ਲਿੰਕ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ। ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਕੰਮ ਤਹਿਤ ਲਗਭਗ 3 ਕਿਲੋਮੀਟਰ ਲੰਬੀ ਸੜਕ ’ਤੇ ਲੁੱਕ ਅਤੇ ਬਜਰੀ ਪਾਈ ਜਾਵੇਗੀ। ਇਸ ਪ੍ਰੋਜੈਕਟ ’ਤੇ ਕਰੀਬ 47 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ ਨਿਰਮਾਣ ਕਾਰਜ ਪੀਡਬਲਿਊਡੀ ਦੇ ਠੇਕੇਦਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਲੱਡੂ ਵੰਡ ਕੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਾਰਟੀ ਵਰਕਰਾਂ, ਸੜਕਾਂ ਮਹਿਕਮੇ ਦੇ ਮੁਲਾਜ਼ਮਾਂ ਅਤੇ ਇਲਾਕਾ ਵਾਸੀਆਂ ਦੀ ਮੌਜੂਦਗੀ ਵਿਚ ਗੋਪਾਲ ਸਿੰਘ ਕੋਟਫੱਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਤ ਕਲਾਂ ਤੋਂ ਗੁੜਥੜੀ ਨੂੰ ਜੋੜਨ ਵਾਲੀ ਇਹ ਸੜਕ ਵਧੀਆ ਮਿਆਰ ਨਾਲ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਦਾ ਕੰਮ ਆਉਣ ਵਾਲੇ ਕੁਝ ਦਿਨਾਂ ਵਿਚ ਮੁਕੰਮਲ ਕਰ ਲਿਆ ਜਾਵੇਗਾ। ਸੜਕ ਬਣਨ ਨਾਲ ਦੋਵਾਂ ਪਿੰਡਾਂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਆਵਾਜਾਈ ਵਿਚ ਵੱਡੀ ਸਹੂਲਤ ਮਿਲੇਗੀ। ਕੋਟਫੱਤਾ ਨੇ ਦਾਅਵਾ ਕੀਤਾ ਕਿ ਹਲਕੇ ਵਿਚ ਪਹਿਲਾਂ ਮੌਜੂਦ ਕੱਚੇ ਰਸਤਿਆਂ ਨੂੰ ਪੱਕਾ ਕਰਕੇ ਲਿੰਕ ਸੜਕਾਂ ਵਜੋਂ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦੇ ਵਿਕਾਸ ਦੇ ਨਾਲ-ਨਾਲ ਕਿਸਾਨਾਂ ਦੀ ਸਹੂਲਤ ਲਈ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਵਾਸਤੇ ਖਾਲਾਂ ਨੂੰ ਵੀ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ। ਇਸ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਜਲਦੀ ਹੀ ਪਿੰਡਾਂ ਵਿੱਚ ਨਵੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ, ਤਾਂ ਜੋ ਕੱਚੇ ਖਾਲਾਂ ਨੂੰ ਪੱਕਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ। ਇਸ ਮੌਕੇ ਮਾਰਕੀਟ ਕਮੇਟੀ ਸੰਗਤ ਦੇ ਚੇਅਰਮੈਨ ਰਣਦੀਪ ਸਿੰਘ ਡੂਮ ਵਾਲੀ, ਨਰੇਸ਼ ਕੁਮਾਰ ਗੋਇਲ, ਵੈਲਫੇਅਰ ਬੋਰਡ ਬਠਿੰਡਾ ਦੇ ਚੇਅਰਮੈਨ ਸੁਰਿੰਦਰ ਕੁਮਾਰ, ਬਹਾਦਰ ਸਿੰਘ, ਜਸਵੰਤ ਸਿੰਘ ਸੋਮਾ, ਰਵੀ ਗੋਇਲ, ਹਰਜੀਤ ਸਿੰਘ ਖਾਲਸਾ ਸੰਗਤ, ਰੇਸ਼ਮ ਸੰਗਤ, ਗਮਦੂਰ ਸਿੰਘ ਗੋਰਾ, ਬਲਾਕ ਪ੍ਰਧਾਨ ਹਰਦੇਵ ਸਿੰਘ, ਯੂਥ ਬਲਾਕ ਪ੍ਰਧਾਨ ਪ੍ਰਦੀਪ ਕੁਮਾਰ ਟਿੰਕੂ, ਕਾਲਾ ਸ਼ਰਮਾ, ਰੋਸ਼ਨ ਲਾਲ ਅਤੇ ਪਿਰਤਪਾਲ ਸਮੇਤ ਪੀ.ਡਬਲਿਊ.ਡੀ. ਦੇ ਅਧਿਕਾਰੀ, ਮੁਲਾਜ਼ਮ, ਸਬੰਧਤ ਠੇਕੇਦਾਰ, ਪਾਰਟੀ ਵਰਕਰ ਅਤੇ ਇਲਾਕਾ ਵਾਸੀ ਹਾਜ਼ਰ ਸਨ।