ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਕਾਂਗਰਸੀਆਂ ਵੱਲੋਂ ਭਾਜਪਾ ਸਰਕਾਰ ਖ਼ਿਲਾਫ਼ ਤਿੱਖਾ ਰੋਸ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਕਾਂਗਰਸੀਆਂ ਵੱਲੋਂ ਭਾਜਪਾ ਸਰਕਾਰ ਖ਼ਿਲਾਫ਼ ਤਿੱਖਾ ਰੋਸ
Publish Date: Tue, 01 Sep 2026 04:24 PM (IST)
Updated Date: Tue, 01 Sep 2026 04:25 PM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ ਭੁੱਚੋ ਮੰਡੀ ਹਲਕਾ ਭੁੱਚੋ ਮੰਡੀ ਦੇ ਬਲਾਕ ਨਥਾਣਾ ਅਧੀਨ ਭੁੱਚੋ ਕੈਂਚੀਆਂ ਪੁਲ ਦੇ ਹੇਠਾਂ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਰੁਪਿੰਦਰ ਸਿੰਘ ਕੋਟਭਾਈ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਭਾਜਪਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਰਕਰਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਇਸੇ ਰਾਜਨੀਤਿਕ ਰਵੱਈਏ ਦਾ ਹਿੱਸਾ ਹੈ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਐਫਆਈਆਰ ਵਾਪਸ ਲਈ ਜਾਵੇ ਅਤੇ ਵਿਰੋਧੀ ਧਿਰ ਨੂੰ ਲੋਕਾਂ ਦੇ ਮੁੱਦੇ ਉਠਾਉਣ ਲਈ ਆਜ਼ਾਦ ਮਾਹੌਲ ਦਿੱਤਾ ਜਾਵੇ। ਯੂਥ ਕਾਂਗਰਸ ਦੇ ਆਗੂ ਰੁਪਿੰਦਰ ਸਿੰਘ ਕੋਟਭਾਈ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਵਿੱਚ ਲੋਕਤੰਤਰ, ਸੰਵਿਧਾਨਕ ਸੰਸਥਾਵਾਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਵਿਰੋਧੀ ਧਿਰ ਦਾ ਕੰਮ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕਣਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਵਰਕਰ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਪਣੀ ਆਵਾਜ਼ ਲਗਾਤਾਰ ਉਠਾਉਂਦੇ ਰਹਿਣਗੇ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪਾਰਟੀ ਸਿਰਫ਼ ਚੋਣਾਂ ਤੱਕ ਸੀਮਤ ਰਹਿਣ ਵਾਲੀ ਸਿਆਸੀ ਜਥੇਬੰਦੀ ਨਹੀਂ, ਸਗੋਂ ਜਨਤਾ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸੜਕ ਤੋਂ ਲੈ ਕੇ ਸੰਸਦ ਤੱਕ ਸੰਘਰਸ਼ ਕਰਨ ਦੀ ਆਪਣੀ ਰਵਾਇਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਮਜ਼ਬੂਤ ਵਿਰੋਧੀ ਧਿਰ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਜ਼ਰੂਰੀ ਹੁੰਦੀ ਹੈ। ਇਸ ਮੌਕੇ ਯੂਥ ਬਲਾਕ ਪ੍ਰਧਾਨ ਪਰਿੰਦਰ ਪੈਵੀ, ਬਲਾਕ ਪ੍ਰਧਾਨ ਗੁਰਤੇਜ ਸਿੰਘ ਭੋਲਾ, ਐਸਸੀ ਡਿਪਾਰਟਮੈਂਟ ਦੇ ਬਲਾਕ ਪ੍ਰਧਾਨ ਪ੍ਰਗਟ ਸਿੰਘ ਤੁੰਗਵਾਲੀ, ਸਿਟੀ ਪ੍ਰਧਾਨ ਮੁਕੇਸ਼ ਸ਼ਰਮਾ, ਕੈਸ਼ੀਅਰ ਮਨੀ ਬਾਂਸਲ, ਸਾਬਕਾ ਚੇਅਰਮੈਨ ਕੁਲਵਿੰਦਰ ਸਿੰਘ ਨਾਥਪੁਰਾ, ਸਾਬਕਾ ਚੇਅਰਮੈਨ ਜਸਵੀਰ ਕੌਰ, ਐਸਸੀ ਡਿਪਾਰਟਮੈਂਟ ਦੇ ਸਕੱਤਰ ਸੁਰਿੰਦਰ ਸਿੰਘ, ਕਾਂਜੀ ਰਾਮ ਸਕੱਤਰ ਡਿਪਾਰਟਮੈਂਟ ਭੁੱਚੋ ਮੰਡੀ, ਭੋਲਾ ਸਿੰਘ ਬੁਰਜ ਕਾਹਨ ਸਿੰਘ ਵਾਲਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।