ਵੋਟਰ ਸੂਚੀਆਂ ’ਚ ਗੜਬੜੀਆਂ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਦਾ ਪ੍ਰਦਰਸ਼ਨ ਵੋਟਰ ਸੂਚੀਆਂ ’ਚ ਗੜਬੜੀਆਂ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਦਾ ਪ੍ਰਦਰਸ਼ਨ
Publish Date: Mon, 28 Sep 2026 04:52 PM (IST)
Updated Date: Mon, 28 Sep 2026 04:54 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵੋਟਰ ਸੂਚੀਆਂ ਦੀ ਸੋਧ ਅਤੇ ਕਥਿਤ ਤੌਰ ’ਤੇ ਵੋਟਾਂ ਕੱਟੇ ਜਾਣ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਵੱਲੋਂ ਸੋਮਵਾਰ ਨੂੰ ਬਠਿੰਡਾ ਵਿੱਚ ਪ੍ਰਦਰਸ਼ਨ ਕੀਤਾ ਗਿਆ। ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ ’ਤੇ ਕੀਤੇ ਗਏ ਇਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਅਤੇ ਦਿਹਾਤੀ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਨੇ ਕੀਤੀ। ਇਸ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਵੋਟਰ ਸੂਚੀਆਂ ਸਬੰਧੀ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ। ਪ੍ਰਦਰਸ਼ਨਕਾਰੀਆਂ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਵੀ ਫੂਕੇ ਗਏ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪ ਕੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਗਈ। ਇਹ ਪ੍ਰਦਰਸ਼ਨ ਅਜਿਹੇ ਸਮੇਂ ਹੋਇਆ ਹੈ ਜਦੋਂ ਪੰਜਾਬ ਸਮੇਤ ਕਈ ਥਾਵਾਂ ’ਤੇ ਚੋਣ ਸੂਚੀਆਂ ਦੀ ਵਿਸ਼ੇਸ਼ ਗਹਿਰਾਈ ਨਾਲ ਸੋਧ (ਐਸਆਈਆਰ) ਨੂੰ ਲੈ ਕੇ ਰਾਜਨੀਤਿਕ ਵਿਰੋਧ ਜਾਰੀ ਹੈ। ਪੰਜਾਬ ਕਾਂਗਰਸ ਵੱਲੋਂ 28 ਸਤੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਪ੍ਰਦਰਸ਼ਨ ਅਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦਾ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਰਾਜਨ ਗਰਗ, ਦਿਹਾਤੀ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ, ਕੇ.ਕੇ. ਅਗਰਵਾਲ, ਅਸ਼ੋਕ ਕੁਮਾਰ, ਪਵਨ ਮਾਨੀ, ਟਹਿਲ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਤੇ ਪ੍ਰੈਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਨੇ ਸੰਬੋਧਨ ਕੀਤਾ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਵੋਟਰ ਸੂਚੀਆਂ ਵਿੱਚ ਕਥਿਤ ਗੜਬੜੀਆਂ ਰਾਹੀਂ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਵੋਟਰ ਦਾ ਆਪਣੀ ਵੋਟ ਪਾਉਣ ਦਾ ਅਧਿਕਾਰ ਲੋਕਤੰਤਰ ਦੀ ਬੁਨਿਆਦੀ ਵਿਵਸਥਾ ਹੈ ਅਤੇ ਕਿਸੇ ਵੀ ਯੋਗ ਵੋਟਰ ਦਾ ਨਾਮ ਸੂਚੀ ਵਿੱਚੋਂ ਹਟਾਏ ਜਾਣ ਦੀ ਸ਼ਿਕਾਇਤ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਆਗੂਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਦੀ ਕਾਰਵਾਈ ਵਿੱਚ ਪਾਰਦਰਸ਼ਤਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਇਨ੍ਹਾਂ ਦੋਸ਼ਾਂ ’ਤੇ ਚੋਣ ਕਮਿਸ਼ਨ ਵੱਲੋਂ ਆਪਣੇ ਪੱਖ ਵਿੱਚ ਕਿਹਾ ਗਿਆ ਹੈ ਕਿ ਐਸਆਈਆਰ ਨਾਲ ਸਬੰਧਤ ਫ਼ੈਸਲੇ ਕਮਿਸ਼ਨ ਵੱਲੋਂ ਕੀਤੇ ਗਏ ਹਨ ਅਤੇ 26 ਸਤੰਬਰ ਦੀ ਮੀਟਿੰਗ ਤੋਂ ਬਾਅਦ ਕਮਿਸ਼ਨ ਨੇ ਕੁਝ ਪ੍ਰਕਿਰਿਆਵਾਂ ਬਾਰੇ ਸਪੱਸ਼ਟੀਕਰਨ ਵੀ ਜਾਰੀ ਕੀਤਾ ਸੀ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਜਿਨ੍ਹਾਂ ਯੋਗ ਵੋਟਰਾਂ ਦੇ ਨਾਮ ਵੋਟਰ ਸੂਚੀਆਂ ਵਿੱਚੋਂ ਹਟਾਏ ਗਏ ਹਨ, ਉਨ੍ਹਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਯੋਗ ਪਾਏ ਜਾਣ ਵਾਲੇ ਵੋਟਰਾਂ ਦੇ ਨਾਮ ਮੁੜ ਸੂਚੀ ਵਿੱਚ ਸ਼ਾਮਲ ਕੀਤੇ ਜਾਣ। ਉਨ੍ਹਾਂ ਚੋਣ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ। ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਆਉਣ ਵਾਲੀਆਂ ਚੋਣਾਂ ਅਤੇ ਸੰਸਦ ਦੇ ਸੈਸ਼ਨ ਦੌਰਾਨ ਵੀ ਉਠਾਏਗੀ। ਉਨ੍ਹਾਂ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਦੁਹਰਾਈ। ਇਸ ਮੌਕੇ ਸੁਰਿੰਦਰਜੀਤ ਸਿੰਘ ਸਾਹਨੀ, ਅਵਤਾਰ ਸਿੰਘ ਗੋਨਿਆਣਾ, ਲਖਵਿੰਦਰ ਸਿੰਘ ਲੱਖਾ, ਰਾਜਵੀਰ ਸੇਖਪੁਰਾ, ਪਰਵਿੰਦਰ ਸਿੰਘ, ਜਗਮੀਤ ਸਿੰਘ, ਨਰੇਸ਼ ਗਰਗ, ਜਸ਼ ਬੱਜੋਂਆਣਾ, ਕਿਰਨਜੀਤ ਸਿੰਘ ਗਹਿਰੀ, ਬਲਵੰਤ ਰਾਏ ਨਾਥ, ਬਲਜਿੰਦਰ ਠੇਕੇਦਾਰ, ਹਰਵਿੰਦਰ ਲੱਡੂ, ਦੁਪਿੰਦਰ ਮਿਸ਼ਰਾ, ਹਰੀਓਮ ਕਪੂਰ, ਹਰਪਾਲ ਬਾਜਵਾ, ਕਿਰਨ ਵਿਰਕ ਅਤੇ ਸੁਖਦੇਵ ਸਿੰਘ ਸੁੱਖਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਮੌਜੂਦ ਰਹੇ।