ਬੱਸ ਸਟੈਂਡ ਦੇ ਪਿੱਛੇ ਕੰਡਕਟਰ ਹੱਤਿਆਕਾਂਡ ਸੁਲਝਿਆ, ਇਕ ਮੁਲਜ਼ਮ ਗ੍ਰਿਫ਼ਤਾਰ ਬੱਸ ਸਟੈਂਡ ਦੇ ਪਿੱਛੇ ਕੰਡਕਟਰ ਹੱਤਿਆਕਾਂਡ ਸੁਲਝਿਆ, ਇਕ ਮੁਲਜ਼ਮ ਗ੍ਰਿਫ਼ਤਾਰ
Publish Date: Fri, 28 Aug 2026 04:15 PM (IST)
Updated Date: Fri, 28 Aug 2026 04:19 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬੀਤੀ 23 ਅਗਸਤ ਦੀ ਰਾਤ ਬੱਸ ਸਟੈਂਡ ਦੇ ਪਿੱਛੇ ਸ਼ਰੇਆਮ ਨਿੱਜੀ ਬੱਸ ਦੇ ਕੰਡਕਟਰ ਬਲਜਿੰਦਰ ਸਿੰਘ ਦੀ ਹੋਈ ਹੱਤਿਆ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਪੁਲਿਸ ਨੇ ਕਰੀਬ ਚਾਰ ਦਿਨਾਂ ਦੇ ਅੰਦਰ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਪਿੰਡ ਲਹਿਰਾ ਮੁਹੱਬਤ ਵਾਸੀ ਦੀਪਕ ਅਰੋੜਾ ਉਰਫ਼ ਚਿੱਟਾ (33) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਵਾਰਦਾਤ ਵਿਚ ਦੋ ਨੌਜਵਾਨ ਸ਼ਾਮਲ ਸਨ। ਦੂਜੇ ਮੁਲਜ਼ਮ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਗ੍ਰਿਫ਼ਤਾਰ ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਰਿਮਾਂਡ ਦੌਰਾਨ ਹੱਤਿਆ ਦੇ ਕਾਰਨ, ਵਾਰਦਾਤ ਵਿਚ ਵਰਤੇ ਹਥਿਆਰ ਤੇ ਦੂਜੇ ਮੁਲਜ਼ਮ ਦੀ ਭੂਮਿਕਾ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ। ਡੀਐੱਸਪੀ ਸਿਟੀ-1 ਅੰਮ੍ਰਿਤਪਾਲ ਸਿੰਘ ਭਾਟੀ ਨੇ ਸ਼ੁੱਕਰਵਾਰ ਦੁਪਹਿਰ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਵਾਰਦਾਤ 23 ਅਗਸਤ ਦੀ ਰਾਤ ਕਰੀਬ 8 ਵਜੇ ਬੱਸ ਸਟੈਂਡ ਬਠਿੰਡਾ ਦੀ ਪਿਛਲੀ ਸਾਈਡ ’ਤੇ ਹੋਈ ਸੀ। ਪਿੰਡ ਚੁੱਘੇ ਕਲਾਂ ਵਾਸੀ ਕਰੀਬ 26 ਸਾਲਾ ਬਲਜਿੰਦਰ ਸਿੰਘ ਨਿੱਜੀ ਬੱਸ ਵਿਚ ਕੰਡਕਟਰ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਬੱਸ ਸਟੈਂਡ ਖੇਤਰ ਵਿਚ ਮੌਜੂਦ ਸੀ। ਇਸੇ ਦੌਰਾਨ ਦੋ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬਲਜਿੰਦਰ ਦਾ ਭਰਾ ਦਵਿੰਦਰ ਸਿੰਘ ਆਪਣੇ ਸਾਥੀ ਹਰਵਿੰਦਰ ਸਿੰਘ ਨਾਲ ਮੋਟਰਸਾਈਕਲ ’ਤੇ ਉਸ ਨੂੰ ਲੈਣ ਪਹੁੰਚਿਆ ਸੀ। ਉੱਥੇ ਪਹੁੰਚ ਕੇ ਉਸ ਨੇ ਦੋਵਾਂ ਨੌਜਵਾਨਾਂ ਨੂੰ ਬਲਜਿੰਦਰ ਨਾਲ ਕੁੱਟਮਾਰ ਕਰਦੇ ਦੇਖਿਆ। ਪਰਿਵਾਰ ਅਨੁਸਾਰ ਜਦੋਂ ਉਨ੍ਹਾਂ ਨੇ ਬਲਜਿੰਦਰ ਨੂੰ ਹਮਲਾਵਰਾਂ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਨੌਜਵਾਨ ਨੇ ਉਸ ਦੇ ਸਿਰ ’ਤੇ ਇੱਟ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦੂਜੇ ਸਰਦਾਰ ਨੌਜਵਾਨ ਨੇ ਤੇਜ਼ਧਾਰ ਕਿਰਚ ਨਾਲ ਉਸ ਦੇ ਪੇਟ/ਪਸਲੀ ਨੇੜੇ ਵਾਰ ਕਰ ਦਿੱਤਾ। ਗੰਭੀਰ ਜ਼ਖ਼ਮੀ ਬਲਜਿੰਦਰ ਨੂੰ ਇਲਾਜ ਲਈ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ, ਪਰ ਗੰਭੀਰ ਹਾਲਤ ਕਾਰਨ ਉਸ ਦੀ ਮੌਤ ਹੋ ਗਈ। ਹੱਥ ਜੋੜ ਕੇ ਰਹਿਮ ਦੀ ਗੁਹਾਰ, ਫਿਰ ਵੀ ਵਰ੍ਹਦੀਆਂ ਰਹੀਆਂ ਇੱਟਾਂ ਹੱਤਿਆ ਤੋਂ ਬਾਅਦ ਸਾਹਮਣੇ ਆਈ ਸੀਸੀਟੀਵੀ ਫੁਟੇਜ ਨੇ ਵਾਰਦਾਤ ਦੀ ਭਿਆਨਕਤਾ ਨੂੰ ਉਜਾਗਰ ਕੀਤਾ। ਫੁਟੇਜ ਵਿਚ ਬਲਜਿੰਦਰ ਹਮਲਾਵਰਾਂ ਸਾਹਮਣੇ ਹੱਥ ਜੋੜ ਕੇ ਆਪਣੇ ਆਪ ਨੂੰ ਛੱਡਣ ਦੀ ਗੁਹਾਰ ਲਗਾਉਂਦਾ ਦਿਖਾਈ ਦੇ ਰਿਹਾ ਹੈ। ਇਸ ਦੇ ਬਾਵਜੂਦ ਮੁਲਜ਼ਮਾਂ ਨੇ ਉਸ ’ਤੇ ਹਮਲਾ ਜਾਰੀ ਰੱਖਿਆ। ਪਹਿਲਾਂ ਇੱਟਾਂ ਨਾਲ ਵਾਰ ਕੀਤੇ ਗਏ ਅਤੇ ਬਾਅਦ ਵਿਚ ਤੇਜ਼ਧਾਰ ਕਿਰਚ ਨਾਲ ਹਮਲਾ ਕੀਤਾ ਗਿਆ। ਪੁਲਿਸ ਨੇ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਨੂੰ ਅਹਿਮ ਸਬੂਤ ਮੰਨਦਿਆਂ ਇਸ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਸਬੰਧੀ ਜਾਂਚ ਅੱਗੇ ਵਧਾਈ। ਖ਼ਾਸ ਗੱਲ ਇਹ ਹੈ ਕਿ ਹੱਤਿਆ ਦੀ ਇਹ ਵਾਰਦਾਤ ਪੁਲਿਸ ਚੌਕੀ ਤੋਂ ਮਹਿਜ਼ ਕਰੀਬ 100 ਮੀਟਰ ਦੀ ਦੂਰੀ ’ਤੇ ਹੋਈ ਸੀ। ਘਟਨਾ ਤੋਂ ਬਾਅਦ ਬੱਸ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਵਿਚ ਰੋਸ ਫੈਲ ਗਿਆ ਸੀ। ਲੋਕਾਂ ਨੇ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ। ਪਹਿਲਾਂ ਮਨਪ੍ਰੀਤ ਦੀ ਪਛਾਣ, ਜਾਂਚ ਅੱਗੇ ਵਧੀ ਤਾਂ ਦੀਪਕ ਗ੍ਰਿਫ਼ਤਾਰ ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਜੀਵਨ ਸਿੰਘ ਵਾਲਾ ਵਾਸੀ ਮਨਪ੍ਰੀਤ ਸਿੰਘ ਦੀ ਪਛਾਣ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਦਾ ਦਾਇਰਾ ਵਧਾਉਂਦਿਆਂ ਹਿਊਮਨ ਸੋਰਸ ਅਤੇ ਤਕਨੀਕੀ ਸਬੂਤਾਂ ਦੀ ਮਦਦ ਲਈ। ਪੁਲਿਸ ਅਨੁਸਾਰ ਜਾਂਚ ਦੌਰਾਨ ਲਹਿਰਾ ਮੁਹੱਬਤ ਵਾਸੀ ਦੀਪਕ ਅਰੋੜਾ ਉਰਫ਼ ਚਿੱਟਾ ਨੂੰ ਮਾਮਲੇ ਵਿਚ ਨਾਮਜ਼ਦ ਕਰਕੇ 27 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਹੁਣ ਇਹ ਪਤਾ ਲਗਾਉਣ ਵਿਚ ਜੁਟੀ ਹੋਈ ਹੈ ਕਿ ਬਲਜਿੰਦਰ ਦੀ ਹੱਤਿਆ ਪਿੱਛੇ ਅਸਲ ਵਿਵਾਦ ਕੀ ਸੀ। ਮੁੱਢਲੇ ਤੌਰ ’ਤੇ ਮਾਮੂਲੀ ਤਕਰਾਰ ਦੀ ਗੱਲ ਸਾਹਮਣੇ ਆਈ ਸੀ, ਪਰ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਤੋਂ ਹੱਤਿਆ ਦਾ ਅਸਲ ਕਾਰਨ ਸਾਹਮਣੇ ਆਉਣ ਦੀ ਉਮੀਦ ਹੈ। ਦੂਜੇ ਹਮਲਾਵਰ ਦੀ ਭਾਲ ’ਚ ਛਾਪੇਮਾਰੀ ਡੀਐੱਸਪੀ ਸਿਟੀ-1 ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਥਾਣਾ ਕੋਤਵਾਲੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੂਜੇ ਮੁਲਜ਼ਮ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ। ਪੁਲਿਸ ਵੱਲੋਂ ਉਸ ਦੇ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿਚ ਸੀਸੀਟੀਵੀ ਫੁਟੇਜ ਤੋਂ ਇਲਾਵਾ ਹੋਰ ਤਕਨੀਕੀ ਅਤੇ ਭੌਤਿਕ ਸਬੂਤਾਂ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਦੂਜੇ ਮੁਲਜ਼ਮ ਨੂੰ ਵੀ ਜਲਦ ਗ੍ਰਿਫ਼ਤਾਰ ਕਰਕੇ ਪੂਰੇ ਘਟਨਾਕ੍ਰਮ ਦਾ ਖੁਲਾਸਾ ਕੀਤਾ ਜਾਵੇਗਾ।