ਪਤਨੀ, ਸਹੁਰੇ ਪਰਿਵਾਰ ਤੇ ਪੁਲਿਸ ਮੁਲਾਜ਼ਮ ਤੋਂ ਤੰਗ ਹੋ ਕੇ ਕੀਤੀ ਆਤਮ ਹੱਤਿਆ ਪਤਨੀ, ਸਹੁਰੇ ਪਰਿਵਾਰ ਅਤੇ ਪੁਲਸ ਮੁਲਾਜ਼ਮ ਤੋਂ ਤੰਗ ਹੋ ਕੇ ਕੀਤੀ ਆਤਮ ਹੱਤਿਆ
Publish Date: Sun, 27 Sep 2026 05:21 PM (IST)
Updated Date: Sun, 27 Sep 2026 05:24 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਅੱਜ ਸਥਾਨਕ ਸ਼ਹਿਰ ਦੇ ਮਹਿਕ ਪੈਲੇਸ ਕੋਲ ਰਹਿੰਦੇ ਇਕ ਵਿਅਕਤੀ ਵੱਲੋਂ ਪਤਨੀ, ਸਹੁਰੇ ਪਰਿਵਾਰ ਤੇ ਇਕ ਪੁਲਿਸ ਮੁਲਾਜ਼ਮ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕ ਦੀ ਮਾਂ ਪ੍ਰਵੀਨ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਸਦੇ ਪੁੱਤਰ ਫਿਰੋਜ਼ ਖਾਂ ਨੂੰ ਮੇਰੀ ਨੂੰਹ ਸੋਨੀਆ ਰਾਣੀ ਹਰ ਵੇਲੇ ਤੰਗ ਪ੍ਰੇਸ਼ਾਨ ਕਰਨ ਦੇ ਨਾਲ ਨਾਲ ਕੁੱਟਮਾਰ ਵੀ ਕਰਦੀ ਸੀ। ਉਸਨੂੰ ਗਲੀ ਦੇ ਵਿਚ ਖੜ੍ਹ ਕੇ ਗਾਲੀ ਗਲੋਚ ਵੀ ਕਰਦੀ ਸੀ। ਉਸਨੇ ਦੱਸਿਆ ਕਿ ਮੇਰੀ ਨੂੰਹ ਸੋਨੀਆ ਰਾਣੀ ਦੀ ਥਾਣਾ ਮੌੜ ਦੇ ਇਕ ਪੁਲਿਸ ਮੁਲਾਜ਼ਮ ਨਾਲ ਮਿਲੀਭੁਗਤ ਸੀ ਜਿਸਦੀ ਸ਼ਹਿ ’ਤੇ ਉਹ ਮੇਰੇ ਪੁੱਤਰ ਨੂੰ ਖੁਦ, ਆਪਣੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਮੁਲਾਜ਼ਮ ਤੋਂ ਧਮਕੀਆਂ ਦਿਵਾਉਂਦੀ ਰਹਿੰਦੀ ਸੀ। ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਸੀ ਤੇ ਇਸੇ ਡਰ ਤੋਂ ਉਸਨੇ ਮੌਤ ਦਾ ਰਹਾ ਚੁਣ ਲਿਆ। ਇਸ ਸਬੰਧੀ ਮ੍ਰਿਤਕ ਦੇ ਭਰਾ ਹਨੀਫ਼ ਖਾਂ ਪੁੱਤਰ ਸੁਰਿੰਦਰ ਖਾਂ ਵਾਸੀ ਮੌੜ ਖੁਰਦ ਨੇ ਦੱਸਿਆ ਕਿ ਉਸਦੇ ਭਰਾ ਫਿਰੋਜ਼ ਖਾਂ ਦਾ ਵਿਆਹ ਡੇਢ ਕੁ ਸਾਲ ਪਹਿਲਾ ਸੋਨੀਆ ਪੁੱਤਰੀ ਜਸਵੀਰ ਸਿੰਘ ਵਾਸੀ ਚਕੇਰੀਆ ਮਾਨਸਾ ਨਾਲ ਹੋਇਆ ਸੀ। ਵਿਆਹ ਉਪਰੰਤ ਮੇਰੀ ਭਰਜਾਈ ਸੋਨੀਆ ਅਕਸਰ ਹੀ ਮੇਰੇ ਭਰਾ ਤੇ ਪਰਿਵਾਰ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ। ਇਸ ਲੜਾਈ ’ਚ ਪੁਲਿਸ ਮੁਲਾਜ਼ਮ ਸੋਨੀਆ ਰਾਣੀ ਦੀ ਮਦਦ ਕਰ ਰਹੇ ਸਨ ਤੇ ਮੇਰੇ ਭਰਾ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਤੇ ਥਾਣਾ ਮੌੜ ਵਿਖੇ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸੀ। ਇਸ ਉਪਰੰਤ ਪੰਚਾਇਤੀ ਸਮਝੌਤਾ ਵੀ ਹੋਇਆ ਪ੍ਰੰਤੂ ਸੋਨੀਆ ਰਾਣੀ ਅਜੇ ਵੀ ਮੇਰੇ ਭਰਾ ਤੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਸੋਨੀਆ ਰਾਣੀ ਇਕ ਪੁਲਸ ਮੁਲਾਜ਼ਮ ਤੋਂ ਮੇਰੇ ਭਰਾ ਨੂੰ ਡਰਾ ਧਮਕਾ ਰਹੀ ਸੀ। ਬੀਤੀ ਰਾਤ ਵੀ ਆਤਮ ਹੱਤਿਆ ਤੋਂ ਪਹਿਲਾਂ ਮੇਰੇ ਭਰਾ ਨੂੰ ਸੋਨੀਆ ਰਾਣੀ ਨੇ ਫੋਨ ਕਰਕੇ ਡਰਾਇਆ ਧਮਕਾਇਆ ਸੀ। ਮੇਰੇ ਭਰਾ ਫਿਰੋਜ਼ ਖਾਂ ਨੇ ਆਪਣੇ ਸਹੁਰੇ ਪਰਿਵਾਰ, ਆਪਣੀ ਪਤਨੀ ਅਤੇ ਮੌੜ ਥਾਣੇ ਦੇ ਇੱਕ ਪੁਲਿਸ ਮੁਲਾਜ਼ਮ ਦੇ ਡਰ ਤੋਂ ਆਪਣੇ ਕਮਰੇ ’ਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮੇਰੇ ਭਰਾ ਫਿਰੋਜ਼ ਖਾਂ ਨੇ ਮਰਨ ਤੋਂ ਪਹਿਲਾ ਇਕ ਵੀ ਵੀਡਿਓ ਬਣਾ ਕੇ ਦੱਸਿਆ ਹੈ ਕਿ ਉਸ ਦੀ ਪਤਨੀ ਸੋਨੀਆ, ਸਹੁਰਾ ਜਸਵੀਰ ਸਿੰਘ, ਸੱਸ ਪੰਮੀ, ਭਰਾ ਤੇ ਮੌੜ ਥਾਣੇ ਦਾ ਇੱਕ ਪੁਲਿਸ ਮੁਲਾਜ਼ਮ ਉਸ ਨੂੰ ਡਰਾਉਂਦੇ ਧਮਕਾਉਂਦੇ ਹੋਏ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਉਸ ਨੇ ਦੱਸਿਆ ਕਿ ਵੀਡਿਓ ਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਉਸਨੇ ਪਤਨੀ, ਸਹੁਰੇ ਪਰਿਵਾਰ ਤੇ ਪੁਲਿਸ ਮੁਲਾਜ਼ਮ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਵੀਡਿਓ ’ਚ ਮ੍ਰਿਤਕ ਨੇ ਫਾਹਾ ਲੈਣ ਤੋਂ ਪਹਿਲਾ ਆਪਣੇ ਪਰਿਵਾਰਕ ਮੈਂਬਰਾਂ ਤੋਂ ਮੁਆਫ਼ੀ ਮੰਗਦੇ ਹੋਏ ਕਿਹਾ ਹੈ ਕਿ ਉਸਦੀ ਮੌਤ ਦੇ ਦੋਸ਼ੀ ਵਿਅਕਤੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਈ ਜਾਵੇ ਤਾਂ ਹੀ ਉਸਦੀ ਰੂਹ ਨੂੰ ਸ਼ਾਂਤੀ ਮਿਲ ਸਕੇ। ਇਸ ਮੌਕੇ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਬਲਾਕ ਪ੍ਰਧਾਨ ਹੇਮ ਰਾਜ, ਛਿੰਦਾ ਖਾਂ ਸਕੱਤਰ, ਤੇਜਾ ਸਿੰਘ, ਦਰਸ਼ਨ ਸਿੰਘ, ਕੌਰ ਸਿੰਘ, ਇਕਾਈ ਪ੍ਰਧਾਨ ਗੁਰਜੰਟ ਸਿੰਘ ਤੋਂ ਇਲਾਵਾ ਹਰਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ, ਪਵਨ ਕੁਮਾਰ, ਪ੍ਰੇਮ ਕੁਮਾਰ, ਸੇਵਕ ਸਿੰਘ, ਧਰਮਿੰਦਰ ਸਿੰਘ, ਭੁਪਿੰਦਰ ਸਿੰਘ, ਹਰਮਨ ਸਿੰਘ, ਕੇਵਲ ਖਾਂ, ਅਨਵਰ ਖਾਂ, ਜਾਦੂ ਖਾਂ ਅਕਵਰ ਖਾਂ, ਸਵਰਨ ਸਿੰਘ, ਕੌਂਸਲਰ ਤਰਸੇਮ ਸਿੰਘ ਖਾਲਸਾ ਆਦਿ ਨੇ ਥਾਣਾ ਮੌੜ ਵਿਖੇ ਪੁੱਜ ਕੇ ਕਿਹਾ ਹੈ ਕਿ ਜੇਕਰ ਮ੍ਰਿਤਕ ਫਿਰੋਜ਼ ਖਾਂ ਅਤੇ ਉਸਦੇ ਪਰਿਵਾਰ ਨੂੰ ਪੁਲਿਸ ਪ੍ਰਸ਼ਾਸ਼ਨ ਨੇ ਇਨਸਾਫ਼ ਨਾ ਦਿੱਤਾ ਤਾਂ ਉਹ ਜਥੇਬੰਦੀਆਂ ਨਾਲ ਮਿਲ ਕੇ ਉੱਚ ਅਧਿਕਾਰੀਆਂ ਕੋਲ ਇਨਸਾਫ਼ ਲੈਣ ਲਈ ਗੁਹਾਰ ਲਗਾਉਣਗੇ। ਇਸ ਸਬੰਧੀ ਥਾਣਾ ਮੌੜ ਦੇ ਐਸਐਚਓ ਤਰੁਨਦੀਪ ਸਿੰਘ ਨੇ ਕਿਹਾ ਕਿ ਇਸ ਸਬੰਧੀ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਿਆਨਾਂ ਦੇ ਅਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।