ਪੰਚਾਇਤੀ ਗਲੀ ਨੂੰ ਲੈ ਕੇ ਝੜਪ, ਗੁਰਸਿੱਖ ਨੌਜਵਾਨ ਟਾਵਰ ’ਤੇ ਚੜ੍ਹਿਆ, ਪੰਚਾਇਤੀ ਗਲੀ ਨੂੰ ਲੈ ਕੇ ਹੋਈ ਝੜਪ, ਗੁਰਸਿੱਖ ਨੌਜਵਾਨ ਟਾਵਰ
Publish Date: Fri, 23 Oct 2026 06:08 PM (IST)
Updated Date: Sat, 24 Oct 2026 04:01 AM (IST)
ਦਸਤਾਰ ਤੇ ਕੇਸਾਂ ਦੀ ਬੇਅਦਬੀ ਦਾ ਦੋਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਨਥਾਣਾ : ਥਾਣਾ ਨਥਾਣਾ ਅਧੀਨ ਪੈਂਦੇ ਪਿੰਡ ਪੂਹਲਾ ਵਿੱਚ ਪੰਚਾਇਤੀ ਗਲੀ ਦੇ ਝਗੜੇ ਨੂੰ ਸੁਲਝਾਉਣ ਪਹੁੰਚੀ ਪ੍ਰਸ਼ਾਸਨਿਕ ਟੀਮ ਦੇ ਸਾਹਮਣੇ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਪਿੰਡ ਦਾ ਇਕ ਨੌਜਵਾਨ ਅਮਰਦੀਪ ਸਿੰਘ ਮੋਬਾਈਲ ਟਾਵਰ ’ਤੇ ਚੜ੍ਹ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ। ਦੋਵਾਂ ਧਿਰਾਂ ਵਿਚਕਾਰ ਗੱਲਬਾਤ ਹੋਣ ਤੋਂ ਬਾਅਦ ਅਮਰਦੀਪ ਸਿੰਘ ਦਾ ਪਰਿਵਾਰ ਗਲੀ ’ਚੋਂ ਮਿੱਟੀ ਹਟਾਉਣ ਲਈ ਸਹਿਮਤ ਹੋ ਗਿਆ, ਜਿਸ ਮਗਰੋਂ ਨੌਜਵਾਨ ਟਾਵਰ ਤੋਂ ਹੇਠਾਂ ਉਤਰ ਆਇਆ। ਦੂਜੇ ਪਾਸੇ ਪਰਿਵਾਰ ਵੱਲੋਂ ਪੁਲਿਸ ’ਤੇ ਗੁਰਸਿੱਖ ਨੌਜਵਾਨ ਦੀ ਦਸਤਾਰ ਲਾਹੁਣ ਅਤੇ ਕੇਸਾਂ ਦੀ ਬੇਅਦਬੀ ਕਰਨ ਦੇ ਗੰਭੀਰ ਦੋਸ਼ ਵੀ ਲਗਾਏ ਗਏ ਹਨ। ਜਾਣਕਾਰੀ ਅਨੁਸਾਰ 23 ਅਕਤੂਬਰ ਨੂੰ ਦੁਪਹਿਰ ਕਰੀਬ 1:35 ਵਜੇ ਬੀਡੀਪੀਓ ਨਥਾਣਾ ਪ੍ਰਭਜੀਤ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਪੂਹਲਾ ਪਹੁੰਚੇ ਸਨ। ਇਸ ਦੌਰਾਨ ਅਮਰਦੀਪ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਾਰਵਾਈ ਦਾ ਵਿਰੋਧ ਕੀਤਾ। ਇਸੇ ਦੌਰਾਨ ਅਮਰਦੀਪ ਸਿੰਘ ਘਟਨਾ ਸਥਾਨ ਦੇ ਨੇੜੇ ਲੱਗੇ ਮੋਬਾਈਲ ਟਾਵਰ ’ਤੇ ਚੜ੍ਹ ਗਿਆ। ਨੌਜਵਾਨ ਦੇ ਟਾਵਰ ’ਤੇ ਚੜ੍ਹਨ ਦੀ ਖ਼ਬਰ ਫੈਲਦਿਆਂ ਹੀ ਪਿੰਡ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਅਤੇ ਮੌਕੇ ’ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਘਟਨਾ ਦੌਰਾਨ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਥਿਤੀ ਨੂੰ ਸੰਭਾਲਣ ਲਈ ਗੱਲਬਾਤ ਕੀਤੀ ਗਈ। ਪਰਿਵਾਰ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਅਮਰਦੀਪ ਸਿੰਘ ਮੋਬਾਈਲ ਟਾਵਰ ਤੋਂ ਹੇਠਾਂ ਉਤਰ ਆਇਆ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2:10 ਵਜੇ ਬੀਡੀਪੀਓ ਨਥਾਣਾ ਪ੍ਰਭਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੋਂ ਵਾਪਸ ਪਰਤ ਗਏ। ਇਸ ਘਟਨਾ ਤੋਂ ਬਾਅਦ ਅਮਰਦੀਪ ਸਿੰਘ ਦੇ ਪਰਿਵਾਰ ਅਤੇ ਸਮਰਥਕਾਂ ਨੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਦਾ ਦੋਸ਼ ਹੈ ਕਿ ਕਾਰਵਾਈ ਦੌਰਾਨ ਇੱਕ ਗੁਰਸਿੱਖ ਨੌਜਵਾਨ ਦੀ ਦਸਤਾਰ ਲਾਹ ਦਿੱਤੀ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ। ਇਸ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਨਾਰਾਜ਼ਗੀ ਪ੍ਰਗਟਾਈ ਅਤੇ ਸਬੰਧਤ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਸ਼ਿਕਾਇਤ ਕਰਨਗੇ, ਤਾਂ ਜੋ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਦੇ ਦੋਸ਼ਾਂ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਵਾਈ ਜਾ ਸਕੇ।