ਅਦਾਲਤ ਕੰਪਲੈਕਸ ’ਚ ਸਰਪੰਚ ਦੇ ਪਤੀ ਤੇ ਸ਼ਿਕਾਇਤਕਰਤਾ ਵਿਚਾਲੇ ਝੜਪ ਅਦਾਲਤ ਕੰਪਲੈਕਸ ’ਚ ਸਰਪੰਚ ਦੇ ਪਤੀ ਤੇ ਸ਼ਿਕਾਇਤਕਰਤਾ ਵਿਚਾਲੇ ਝੜਪ
Publish Date: Sat, 10 Oct 2026 06:46 PM (IST)
Updated Date: Sat, 10 Oct 2026 06:47 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਾਲਝਰਾਣੀ ਦੀ ਸਰਪੰਚ ਅਤੇ ਆਮ ਆਦਮੀ ਪਾਰਟੀ ਦੀ ਸਾਬਕਾ ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਸਤਵੀਰ ਕੌਰ ਸਿੱਧੂ ਨਾਲ ਜੁੜੇ ਕਥਿਤ ਮਾਮਲੇ ਵਿਚ ਨਵਾਂ ਵਿਵਾਦ ਸਾਹਮਣੇ ਆਇਆ ਹੈ। ਅਦਾਲਤ ਕੰਪਲੈਕਸ ਵਿਚ ਸ਼ਿਕਾਇਤਕਰਤਾ ਜਤਿੰਦਰ ਸਿੰਘ ਅਤੇ ਸਰਪੰਚ ਦੇ ਪਤੀ ਨਰੋਤਮ ਸਿੰਘ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਪੰਚ ਦੇ ਪਤੀ ਦਾ ਦੋਸ਼ ਹੈ ਕਿ ਉਕਤ ਵਿਅਕਤੀ ਨੇ ਪਹਿਲਾਂ ਉਸ ਉੱਪਰ ਹਮਲਾ ਕੀਤਾ ਤੇ ਕੱਪੜੇ ਪਾੜ ਦਿੱਤੇ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਨਰੋਤਮ ਸਿੰਘ ਨੇ ਉਸ ’ਤੇ ਹਮਲਾ ਕਰਕੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਤੇ ਤੋੜ ਦਿੱਤਾ, ਤਾਂ ਜੋ ਮੋਬਾਈਲ ਵਿਚ ਮੌਜੂਦ ਕਥਿਤ ਸਬੂਤ ਨਸ਼ਟ ਕੀਤੇ ਜਾ ਸਕਣ। ਜਤਿੰਦਰ ਸਿੰਘ ਦਾ ਦਾਅਵਾ ਹੈ ਕਿ ਉਹ ਸਤਵੀਰ ਕੌਰ ਦੀ ਗ੍ਰਿਫ਼ਤਾਰੀ ਸਬੰਧੀ ਵਿਜੀਲੈਂਸ ਦੀ ਕਾਰਵਾਈ ਦੇ ਸਿਲਸਿਲੇ ਵਿਚ ਅਦਾਲਤ ਕੰਪਲੈਕਸ ਪਹੁੰਚਿਆ ਸੀ। ਦੂਜੇ ਪਾਸੇ, ਨਰੋਤਮ ਸਿੰਘ ਨੇ ਵੀ ਦੋਸ਼ ਲਾਇਆ ਕਿ ਸ਼ਿਕਾਇਤਕਰਤਾ ਨੇ ਉਸ ’ਤੇ ਹਮਲਾ ਕੀਤਾ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਹੋਈ ਝੜਪ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਮਾਮਲੇ ਅਨੁਸਾਰ ਪਿੰਡ ਭਗਵਾਨਗੜ੍ਹ ਦੇ ਰਹਿਣ ਵਾਲੇ ਜਤਿੰਦਰ ਸਿੰਘ ਸੋਹਲ ਨੂੰ 24 ਜੁਲਾਈ 2023 ਨੂੰ ਪੰਜਾਬ ਸਟੇਟ ਫਾਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਵਿਚ ਆਊਟਸੋਰਸਿੰਗ ਰਾਹੀਂ ਡਰਾਈਵਰ ਦੀ ਨੌਕਰੀ ਮਿਲੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਨੌਕਰੀ ਦਿਵਾਉਣ ਅਤੇ ਇਸ ਨੂੰ ਜਾਰੀ ਰੱਖਣ ਦੇ ਬਦਲੇ ਪਿੰਡ ਕਾਲਝਰਾਣੀ ਦੀ ਸਰਪੰਚ ਸਤਵੀਰ ਕੌਰ ਸਿੱਧੂ ਨੇ ਉਸ ਤੋਂ ਹਰ ਮਹੀਨੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਬਾਅਦ ਵਿਚ ਇਹ ਰਕਮ 8,500 ਰੁਪਏ ਪ੍ਰਤੀ ਮਹੀਨਾ ਤੈਅ ਹੋਣ ਦਾ ਦਾਅਵਾ ਕੀਤਾ ਗਿਆ। ਜਤਿੰਦਰ ਸਿੰਘ ਅਨੁਸਾਰ, ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਅਕਤੂਬਰ 2023 ਵਿਚ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਤਿੰਦਰ ਸਿੰਘ ਸੋਹਲ ਨੇ ਮਾਮਲੇ ਸਬੰਧੀ ਸਬੂਤਾਂ ਸਮੇਤ ਵਿਜੀਲੈਂਸ ਬਿਊਰੋ, ਬਠਿੰਡਾ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਤੋਂ ਬਾਅਦ ਵਿਜੀਲੈਂਸ ਨੇ 25 ਜਨਵਰੀ 2026 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਦੀ ਧਾਰਾ 7-ਏ ਤਹਿਤ ਐੱਫਆਈਆਰ ਨੰਬਰ 2 ਦਰਜ ਕੀਤੀ ਸੀ।