‘ਛੋੜੋ ਕਲ ਕੀ ਬਾਤੇਂ’ ਨੇ ਹਾਸੇ-ਮਜ਼ਾਕ ਦੇ ਵਿਚ ਬਿਆਨ ਕੀਤਾ ਬਜ਼ੁਰਗਾਂ ਦਾ ਦਰਦ ‘ਛੋੜੋ ਕਲ ਕੀ ਬਾਤੇਂ’ ਨੇ ਹਾਸੇ-ਮਜ਼ਾਕ ਦੇ ਵਿਚ ਬਿਆਨ ਕੀਤਾ ਬਜ਼ੁਰਗਾਂ ਦਾ ਦਰਦ
Publish Date: Sun, 04 Oct 2026 04:35 PM (IST)
Updated Date: Sun, 04 Oct 2026 04:37 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ ਅੱਠਵੀਂ ਰਾਤ ਜੈਵਰਧਨ ਲਿਖਤ ਨਾਟਕ ‘ਛੋੜੋ ਕਲ ਕੀ ਬਾਤੇਂ’ ਦਾ ਪ੍ਰਭਾਵਸ਼ਾਲੀ ਮੰਚਣ ਕੀਤਾ ਗਿਆ। ਨਿਰਦੇਸ਼ਕ ਵਿਕਾਸ ਸ਼ਰਮਾ ਦੇ ਨਿਰਦੇਸ਼ਨ ਹੇਠ ਨਿਊ ਉੱਥਾਨ ਥੀਏਟਰ ਗਰੁੱਪ, ਕੁਰੂਕਸ਼ੇਤਰ ਵੱਲੋਂ ਪੇਸ਼ ਕੀਤੇ ਇਸ ਨਾਟਕ ਵਿੱਚ ਬੁਢਾਪੇ, ਇਕੱਲੇਪਣ, ਪਰਿਵਾਰਕ ਨਜ਼ਰਅੰਦਾਜ਼ੀ ਅਤੇ ਰਿਸ਼ਤਿਆਂ ਵਿੱਚ ਵੱਧ ਰਹੀ ਦੂਰੀ ਵਰਗੇ ਸੰਵੇਦਨਸ਼ੀਲ ਮੁੱਦਿਆਂ ਨੂੰ ਹਾਸੇ ਅਤੇ ਭਾਵਨਾਤਮਕ ਪ੍ਰਸੰਗਾਂ ਰਾਹੀਂ ਬਾਖੂਬੀ ਪੇਸ਼ ਕੀਤਾ ਗਿਆ। ਨਾਟਕ ਦੀ ਕਹਾਣੀ ਬਿਰਧ ਆਸ਼ਰਮ ਵਿੱਚ ਰਹਿ ਰਹੇ ਤਿੰਨ ਬਜ਼ੁਰਗ ਦੋਸਤਾਂ ਜਗਲਾਲ, ਘਨਸ਼ਿਆਮ ਅਤੇ ਮਹਾਵੀਰ ਦੇ ਆਲੇ-ਦੁਆਲੇ ਘੁੰਮਦੀ ਹੈ। ਆਪਣੇਆਂ ਦੀ ਬੇਰੁਖ਼ੀ ਅਤੇ ਇਕੱਲੇਪਣ ਦੇ ਬਾਵਜੂਦ ਤਿੰਨੇ ਦੋਸਤ ਬੀਤੇ ਸਮੇਂ ਦੀਆਂ ਕੌੜੀਆਂ ਯਾਦਾਂ ਨੂੰ ਪਿੱਛੇ ਛੱਡ ਕੇ ਹਾਸੇ-ਮਜ਼ਾਕ ਨਾਲ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਬਿਰਧ ਆਸ਼ਰਮ ਨੂੰ ਵੇਚਣ ਦਾ ਨੋਟਿਸ ਆਉਣ ਨਾਲ ਕਹਾਣੀ ਵਿੱਚ ਨਵਾਂ ਮੋੜ ਆਉਂਦਾ ਹੈ। ਇਸ ਘਟਨਾ ਰਾਹੀਂ ਨਾਟਕ ਨੇ ਬਜ਼ੁਰਗਾਂ ਲਈ ਸਨਮਾਨ, ਆਪਣਾਪਣ ਅਤੇ ਸੰਵੇਦਨਾ ਦੀ ਮਹੱਤਤਾ ਨੂੰ ਦਰਸ਼ਕਾਂ ਸਾਹਮਣੇ ਰੱਖਿਆ। ਨਾਟਕ ਦੇ ਹਾਸੇ ਭਰੇ ਸੰਵਾਦਾਂ ਦੌਰਾਨ ਦਰਸ਼ਕਾਂ ਦੇ ਠਹਾਕੇ ਗੂੰਜਦੇ ਰਹੇ, ਜਦਕਿ ਭਾਵੁਕ ਦ੍ਰਿਸ਼ਾਂ ਨੇ ਮਾਹੌਲ ਨੂੰ ਗੰਭੀਰ ਕਰ ਦਿੱਤਾ। ਕਲਾਕਾਰਾਂ ਦੀ ਅਦਾਕਾਰੀ ਅਤੇ ਨਿਰਦੇਸ਼ਨ ਨੇ ਦਰਸ਼ਕਾਂ ਨੂੰ ਕਹਾਣੀ ਨਾਲ ਜੋੜੀ ਰੱਖਿਆ। ਨਾਟਕ ਦੀ ਸ਼ੁਰੂਆਤ ਮੁੱਖ ਮਹਿਮਾਨ ਬੀਸੀਐਲ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਦੀਵਾ ਜਗਾ ਕੇ ਕੀਤੀ। ਇਸ ਮੌਕੇ ਉਨ੍ਹਾਂ ਦੀ ਪਤਨੀ ਸੁਨੀਤਾ ਮਿੱਤਲ, ਪੁੱਤਰ ਕੁਸ਼ਲ ਮਿੱਤਲ ਅਤੇ ਨੂੰਹ ਸਾਰਾ ਮਿੱਤਲ ਤੋਂ ਇਲਾਵਾ ਨਾਟਿਅਮ ਦੇ ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ, ਪ੍ਰਧਾਨ ਸੁਰਿੰਦਰ ਕੌਰ ਅਤੇ ਸਰਪ੍ਰਸਤ ਸੁਦਰਸ਼ਨ ਗੁਪਤਾ ਮੌਜੂਦ ਸਨ। ਰਾਜਿੰਦਰ ਮਿੱਤਲ ਨੇ ਕਿਹਾ ਕਿ ਕਿਸੇ ਵੀ ਕੰਮ ਨੂੰ ਸਫਲ ਬਣਾਉਣ ਲਈ ਸਿਰਫ਼ ਪੈਸਾ ਹੀ ਨਹੀਂ, ਸਗੋਂ ਜਜ਼ਬਾ ਅਤੇ ਊਰਜਾ ਵੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਨਾਟਿਅਮ ਵੱਲੋਂ ਪਿਛਲੇ 15 ਸਾਲਾਂ ਤੋਂ ਰਾਸ਼ਟਰੀ ਪੱਧਰ ਦੇ ਥੀਏਟਰ ਫੈਸਟੀਵਲ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮਿੱਤਲ ਗਰੁੱਪ ਵੱਲੋਂ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ। ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਦਰਸ਼ਕਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਨਾਟਕ ਇਨਸਾਨ ਨੂੰ ਜ਼ਿੰਦਗੀ ਜਿਊਣ ਦੀ ਕਲਾ ਸਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਕਲਾ ਨੂੰ ਸਮਝਣ ਲਈ ਉਹ ਉਮਰ ਭਰ ਰੰਗਮੰਚ ਨਾਲ ਜੁੜੇ ਰਹਿਣਗੇ। ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਨੇ ਵੀ ਰਾਜਿੰਦਰ ਮਿੱਤਲ ਦਾ ਨਾਟਿਅਮ ਨੂੰ ਲਗਾਤਾਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।