ਗੱਤਕਾ ਚੈਂਪੀਅਨਸ਼ਿਪ ’ਚ ਪਿੰਡ ਮੱਲਵਾਲੇ ਦੇ ਬੱਚਿਆਂ ਨੇ ਮਾਰੀਆਂ ਮੱਲਾਂ ਗੱਤਕਾ ਚੈਂਪੀਅਨਸ਼ਿਪ ਵਿਚ ਪਿੰਡ ਮੱਲਵਾਲੇ ਦੇ ਬੱਚਿਆਂ ਨੇ ਮਾਰੀਆਂ ਮੱਲਾਂ
Publish Date: Sat, 05 Sep 2026 04:32 PM (IST)
Updated Date: Sat, 05 Sep 2026 04:34 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਈ ਗਈ 11ਵੀਂ ਪੰਜਾਬ ਰਾਜ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਲੜਕੇ-ਲੜਕੀਆਂ ਗੱਤਕਾ ਚੈਂਪੀਅਨਸ਼ਿਪ-2026 ਵਿੱਚ ਬਠਿੰਡਾ ਜ਼ਿਲ੍ਹੇ ਦੀ ਟੀਮ ਵੱਲੋਂ ਭਾਗ ਲੈਂਦਿਆਂ ਪਿੰਡ ਮੱਲਵਾਲੇ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕੀਤੀਆਂ। ਖ਼ਾਸ ਤੌਰ ’ਤੇ ਅੰਡਰ-14 ਲੜਕਿਆਂ ਦੀ ਡੈਮੋ ਵਿੱਚ ਪਿੰਡ ਮੱਲਵਾਲੇ ਦੇ ਬੱਚਿਆਂ ਨੇ ਆਪਣੀ ਬਿਹਤਰੀਨ ਖੇਡ ਕਲਾ ਦਾ ਪ੍ਰਦਰਸ਼ਨ ਕਰਦਿਆਂ ਵਧੀਆ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਬੱਚਿਆਂ ਦੀ ਇਸ ਪ੍ਰਾਪਤੀ ਨਾਲ ਜਿੱਥੇ ਪਿੰਡ ਮੱਲਵਾਲੇ ਦਾ ਨਾਮ ਰੌਸ਼ਨ ਹੋਇਆ, ਉੱਥੇ ਹੀ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਦਾ ਵੀ ਮਾਣ ਵਧਾਇਆ। ਬੱਚਿਆਂ ਦੀ ਇਸ ਸਫ਼ਲਤਾ ਪਿੱਛੇ ਐਸਜੀਪੀਸੀ ਵੱਲੋਂ ਨਿਯੁਕਤ ਉਸਤਾਦ ਸਿੰਘ ਬਾਬਾ ਹਰਦੀਪ ਸਿੰਘ ਜੀ ਦੇ ਸਹਿਯੋਗ ਅਤੇ ਅਗਵਾਈ ਹੇਠ ਪਿਛਲੇ ਕਈ ਮਹੀਨਿਆਂ ਤੋਂ ਬਾਬਾ ਪ੍ਰਗਟ ਸਿੰਘ ਜੀ ਦੀ ਦੇਖ-ਰੇਖ ਵਿੱਚ ਬੱਚਿਆਂ ਨੂੰ ਗੱਤਕੇ ਦੇ ਢੰਗ-ਤਰੀਕੇ ਅਤੇ ਬਾਰੀਕੀਆਂ ਸਿਖਾਈਆਂ ਜਾ ਰਹੀਆਂ ਸਨ। ਬੱਚਿਆਂ ਨੂੰ ਨਿਰੰਤਰ ਅਭਿਆਸ ਕਰਵਾਉਣ ਅਤੇ ਮੁਕਾਬਲੇ ਲਈ ਤਿਆਰ ਕਰਨ ਵਿੱਚ ਬਾਬਾ ਪ੍ਰਗਟ ਸਿੰਘ ਜੀ ਵੱਲੋਂ ਕੀਤੀ ਗਈ ਮਿਹਨਤ ਦੀ ਵੀ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸ਼ਲਾਘਾ ਕੀਤੀ ਗਈ।ਇਸ ਮੌਕੇ ਪਿੰਡ ਵਾਸੀਆਂ ਵੱਲੋਂ ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਕਾਮਯਾਬੀਆਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਬੱਚੇ ਆਉਣ ਵਾਲੇ ਸਮੇਂ ਵਿੱਚ ਵੀ ਗੱਤਕੇ ਦੇ ਖੇਤਰ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੇ ਮਾਪਿਆਂ, ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ।