ਗੁਰੂ ਕਾਸ਼ੀ ਦੇ ਬੱਚਿਆਂ ਨੇ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਮਨਾਈ ਦੀਵਾਲੀ ਗੁਰੂ ਕਾਸ਼ੀ ਦੇ ਬੱਚਿਆਂ ਨੇ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਮਨਾਈ ਦਿਵਾਲੀ
Publish Date: Fri, 06 Nov 2026 06:20 PM (IST)
Updated Date: Fri, 06 Nov 2026 06:20 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕਾ ਹਮੇਸ਼ਾ ਹੀ ਹਰ ਦਿਨ ਤਿਉਹਾਰ ਬੜੇ ਹੀ ਉਤਸ਼ਾਹ ਤੇ ਵੱਖਰੇ ਢੰਗ ਤਰੀਕੇ ਨਾਲ ਮਨਾਉਂਦਾ ਹੈ ਤਾਂ ਜੋ ਸਮਾਜ ਤੇ ਵਿਦਿਆਰਥੀਆਂ ਨੂੰ ਉਸਾਰੂ ਸੇਧ ਮਿਲ ਸਕੇ। ਇਸੇ ਕੜ੍ਹੀ ਤਹਿਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਵਾਰ ਦੀਵਾਲੀ ਦਾ ਤਿਉਹਾਰ ਸ਼੍ਰੀ ਆਨੰਤ ਅਨਾਥ ਆਸ਼ਰਮ, ਭਗਤਾ ਰੋਡ ਗੰਗਾ-ਨਥਾਣਾ ਵਿੱਚ ਜਾ ਕੇ ਉਥੇ ਰਹਿੰਦੇ ਬੱਚਿਆਂ ਨਾਲ ਰਲ ਮਿਲ ਕੇ ਮਨਾਇਆ। ਸਕੂਲ ਦੇ ਬੱਚਿਆਂ ਨੇ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਸਮਾਂ ਬਿਤਾਇਆ ਤੇ ਉਨ੍ਹਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਸਕੂਲੀ ਵਿਦਿਆਰਥੀ ਆਪਣੇ ਨਾਲ ਅਨਾਥ ਆਸ਼ਰਮ ਦੇ ਬੱਚਿਆਂ ਲਈ ਜ਼ਰੂਰਤ ਦਾ ਸਮਾਨ, ਕਰਿਆਨੇ ਦਾ ਸਮਾਨ ਤੇ ਫ਼ਲ-ਫਰੂਟ ਆਦਿ ਲੈ ਕੇ ਗਏ। ਆਸ਼ਰਮ ਦੇ ਬੱਚਿਆਂ ਦੇ ਚਿਹਰਿਆਂ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਵੇਖ ਕੇ ਅਥਾਹ ਖੁਸ਼ੀ ਦੀ ਝਲਕ ਦੇਖਣ ਨੂੰ ਮਿਲੀ। ਦੌਰੇ ਦੌਰਾਨ ਸਕੂਲੀ ਬੱਚਿਆਂ ਨੇ ਉੱਥੇ ਰਹਿ ਰਹੇ ਬੱਚਿਆਂ ਨਾਲ ਗੱਲਬਾਤ ਕੀਤੀ, ਜਿੱਥੇ ਆਸ਼ਰਮ ਦੇ ਬੱਚਿਆਂ ਨੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ ਤੇ ਆਤਮ-ਨਿਰਭਰ ਬਣ ਕੇ ਜੀਵਨ ਜਿਊਣ ਦੀ ਪ੍ਰੇਰਨਾਦਾਇਕ ਸਿੱਖਿਆ ਦਿੱਤੀ। ਆਸ਼ਰਮ ਦੇ ਬੱਚਿਆਂ ਨੇ ਦੱਸਿਆ ਕਿ ਮੁਸ਼ਕਲ ਹਾਲਾਤ ਵਿੱਚ ਵੀ ਹਿੰਮਤ ਨਾਲ ਜੀਵਨ ਵਿੱਚ ਅੱਗੇ ਕਿਵੇਂ ਵਧਿਆ ਜਾਂਦਾ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਆਖਿਆ ਕਿ ਲੋੜਵੰਦਾਂ ਦੀ ਸਹਾਇਤਾ ਕਰਨ ਨਾਲ ਜੋ ਮਨ ਨੂੰ ਸਕੂਨ ਤੇ ਖੁਸ਼ੀ ਮਿਲਦੀ ਹੈ। ਉਹ ਖੁਸ਼ੀ ਹੋਰ ਕਿਧਰੇ ਵੀ ਨਹੀਂ ਮਿਲਦੀ। ਉਨ੍ਹਾਂ ਅਧਿਆਪਕਾਂ ਤੇ ਬੱਚਿਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸਕੂਲ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਬੱਚਿਆਂ ਵਿੱਚ ਹਮਦਰਦੀ, ਸਾਂਝੀਵਾਲਤਾ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਲਈ ਅੱਗੇ ਤੋਂ ਵੀ ਸਮਾਜ ਭਲਾਈ ਦੇ ਕਾਰਜ ਜਾਰੀ ਰਹਿਣਗੇ। ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਕਰਮਜੀਤ ਕੌਰ, ਸੰਦੀਪ ਕੌਰ ਤੇ ਸੁਖਮੰਦਰ ਸਿੰਘ ਮਿਊਜ਼ਕ ਅਧਿਆਪਕ ਆਦਿ ਹਾਜ਼ਰ ਸਨ।