ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬਜ਼ੁਰਗਾਂ ਲਈ ਵੱਡੀ ਸੌਗਾਤ-ਭੱਲਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬਜ਼ੁਰਗਾਂ ਲਈ ਵੱਡੀ ਸੌਗਾਤ-ਭੱਲਾ
Publish Date: Tue, 08 Sep 2026 05:39 PM (IST)
Updated Date: Tue, 08 Sep 2026 05:40 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਕੋਠਾ ਗੁਰੂ ਤੋਂ ਅੱਠਵੀਂ ਬੱਸ ਰਵਾਨਾ ਕਰਦਿਆ ਕਿਹਾ ਕਿ ਇਹ ਯੋਜਨਾ ਸੂਬੇ ਦੇ ਬਜ਼ੁਰਗਾਂ ਅਤੇ ਧਾਰਮਿਕ ਸ਼ਰਧਾਲੂਆਂ ਲਈ ਇਕ ਵੱਡੀ ਸੌਗਾਤ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਵੱਖ-ਵੱਖ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਬਜ਼ੁਰਗਾਂ ਦੀ ਲੰਮੇ ਸਮੇਂ ਤੋਂ ਇੱਛਾ ਹੁੰਦੀ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਵੈਸ਼ਨੋ ਦੇਵੀ ਸਮੇਤ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ, ਪਰ ਆਰਥਿਕ ਸਮਰੱਥਾ ਜਾਂ ਸਰੀਰਕ ਮੁਸ਼ਕਲਾਂ ਕਾਰਨ ਇਹ ਇੱਛਾ ਪੂਰੀ ਨਹੀਂ ਹੋ ਪਾਉਂਦੀ। ਸਰਕਾਰ ਦੀ ਇਹ ਯੋਜਨਾ ਅਜਿਹੇ ਸ਼ਰਧਾਲੂਆਂ ਲਈ ਵੱਡੀ ਰਾਹਤ ਬਣੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਵਿਕਾਸ ਦੇ ਦਾਅਵੇ ਹੀ ਨਹੀਂ ਕਰ ਰਹੀ, ਸਗੋਂ ਧਾਰਮਿਕ, ਸਮਾਜਿਕ ਅਤੇ ਆਰਥਿਕ ਤੌਰ ’ਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਦਿਆਂ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਰਕਾਰ ਦੀ ਲੋਕ-ਪੱਖੀ ਅਤੇ ਸੰਵੇਦਨਸ਼ੀਲ ਸੋਚ ਦਾ ਪ੍ਰਤੀਕ ਹੈ। ਭੱਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹਰ ਵਰਗ ਦੀ ਭਲਾਈ ਲਈ ਇਸੇ ਤਰ੍ਹਾਂ ਲੋਕ-ਹਿਤੈਸ਼ੀ ਉਪਰਾਲੇ ਜਾਰੀ ਰੱਖੇਗੀ। ਇਸ ਮੌਕੇ ਬੂਟਾ ਸਿੰਘ ਢਿੱਲੋ ਪ੍ਰਧਾਨ ਨਗਰ ਪੰਚਾਇਤ ਕੋਠਾਗੁਰੂ, ਦਿਲਬਾਗ ਸਿੰਘ ਬਾਗੀ ਕੌਂਸਲਰ ਆਦਿ ਹਾਜਰ ਸਨ।