ਮੁਫ਼ਤ ਬਿਜਲੀ ਦੇ ਨਾਂ 'ਤੇ ਜਨਤਾ ਨਾਲ ਧੋਖਾ : ਸਿੰਗਲਾ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਮੰਗ ਕੀਤੀ ਹੈ ਕਿ ਬਿਜਲੀ ਨਿਗਮ ਤੁਰੰਤ ਸਾਰੇ ਵਿਵਾਦਿਤ ਅਤੇ ਗ਼ਲਤ ਬਿੱਲਾਂ ਦੀ ਜਾਂਚ ਕਰੇ, ਖ਼ਾਮੀਆਂ ਨੂੰ ਦਰੁਸਤ ਕਰੇ ਅਤੇ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਸਹੀ ਬਿੱਲ ਜਾਰੀ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਮਾਮਲੇ ਵੱਲ ਧਿਆਨ ਨਾ ਦਿੱਤਾ ਤਾ ਤਿੱਖੇ ਸੰਘਰਸ ਤੋਂ ਗੁਰੇਜ਼ ਨਹੀ ਕੀਤਾ ਜਾਵੇਗਾ।
Publish Date: Thu, 20 Aug 2026 05:50 PM (IST)
Updated Date: Fri, 21 Aug 2026 04:03 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਸਰਕਾਰ ਦੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਯੋਜਨਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਸੂਬਾ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਨਾਕਾਮੀ ਅਤੇ ਤਕਨੀਕੀ ਖ਼ਾਮੀਆਂ ਕਾਰਨ ਪਿਛਲੇ ਚਾਰ ਮਹੀਨਿਆਂ (ਅਪ੍ਰੈਲ ਤੋਂ ਅਗਸਤ) ਦਾ ਇਕੱਠਾ ਬਿਜਲੀ ਬਿੱਲ ਭੇਜਿਆ ਜਾ ਰਹਾ ਹੈ, ਜਿਸ ਨਾਲ ਆਮ ਲੋਕਾਂ ਤੇ ਭਾਰੀ ਆਰਥਿਕ ਅਤੇ ਮਾਨਸਿਕ ਬੋਝ ਪੈ ਗਿਆ ਹੈ। ਪਹਿਲਾਂ ਖਪਤਕਾਰਾਂ ਨੂੰ ਹਰ ਦੋ ਮਹੀਨਿਆਂ ਬਾਅਦ 600 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਮਿਲਦਾ ਸੀ ਅਤੇ ਬਿੱਲ ਸਮੇਂ ਸਿਰ ਆਉਂਦੇ ਸਨ। ਹੁਣ ਚਾਰ ਮਹੀਨਿਆਂ ਦੀ ਰੀਡਿੰਗ ਜਾਂ ਔਸਤ (ਐਵਰੇਜ) ਖਪਤ ਦੇ ਆਧਾਰ ਤੇ 60 ਹਜ਼ਾਰ ਰੁਪਏ ਤੋਂ ਲੈ ਕੇ ਲੱਖਾਂ ਰੁਪਏ ਤੱਕ ਦੇ ਬਿੱਲ ਭੇਜੇ ਜਾ ਰਹੇ ਹਨ। ਨਵੇਂ ਸਿੰਗਲ ਕਲਾਊਡ-ਆਧਾਰਿਤ ਬਿਲਿੰਗ ਸਿਸਟਮ ਵਿਚ ਆਈਆਂ ਤਕਨੀਕੀ ਖ਼ਾਮੀਆਂ ਅਤੇ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਅਸਲ ਰੀਡਿੰਗ ਨਹੀਂ ਲਈ ਜਾ ਸਕੀ। ਇਸ ਕਾਰਨ ਖਪਤਕਾਰਾਂ ਨੂੰ 2 ਲੱਖ ਤੋਂ 4 ਲੱਖ ਰੁਪਏ ਤੱਕ ਦੇ ਫ਼ਰਜ਼ੀ ਅਤੇ ਔਸਤ ਬਿੱਲ ਥਮਾ ਦਿੱਤੇ ਗਏ ਹਨ। ਸਿੰਗਲਾ ਨੇ ਦੱਸਿਆ ਕਿ ਪਿੰਡਾਂ ਵਿਚ ਮਹਿਜ਼ ਇੱਕ ਕੂਲਰ ਚਲਾਉਣ ਵਾਲੇ ਗਰੀਬ ਪਰਿਵਾਰਾਂ ਨੂੰ ਵੀ 60,000 ਤੱਕ ਦੇ ਬਿੱਲ ਭੇਜੇ ਗਏ ਹਨ ਤੇ ਬਿੱਲ ਨਾ ਭਰਨ ਦੀ ਸੂਰਤ ਵਿੱਚ ਬਿਜਲੀ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ, ਜੋ ਮੁਫ਼ਤ ਬਿਜਲੀ ਦੇ ਨਾਂ ਤੇ ਜਨਤਾ ਨਾਲ ਧੋਖਾ ਹੈ। ਬਿਲਿੰਗ ਸਿਸਟਮ ਦੇ ਠੱਪ ਹੋਣ ਅਤੇ ਬਿਨਾਂ ਤਿਆਰੀ ਤੋਂ ਨਵੀਂ ਤਕਨਾਲੋਜੀ ਲਾਗੂ ਕਰਨ ਨਾਲ ਲਗਭਗ 19 ਲੱਖ ਖਪਤਕਾਰ ਪ੍ਰਭਾਵਿਤ ਹੋਏ ਹਨ। ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਮੰਗ ਕੀਤੀ ਹੈ ਕਿ ਬਿਜਲੀ ਨਿਗਮ ਤੁਰੰਤ ਸਾਰੇ ਵਿਵਾਦਿਤ ਅਤੇ ਗ਼ਲਤ ਬਿੱਲਾਂ ਦੀ ਜਾਂਚ ਕਰੇ, ਖ਼ਾਮੀਆਂ ਨੂੰ ਦਰੁਸਤ ਕਰੇ ਅਤੇ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਸਹੀ ਬਿੱਲ ਜਾਰੀ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਮਾਮਲੇ ਵੱਲ ਧਿਆਨ ਨਾ ਦਿੱਤਾ ਤਾ ਤਿੱਖੇ ਸੰਘਰਸ ਤੋਂ ਗੁਰੇਜ਼ ਨਹੀ ਕੀਤਾ ਜਾਵੇਗਾ।