ਚੇਅਰਮੈਨ ਕੁਲਵੰਤ ਸਿੱਧੂ ਨੂੰ ਸਦਮਾ, ਮਾਸੀ ਦੇ ਪੁੱਤਰ ਦੇ ਦਿਹਾਂਤ ਮਾਸੀ ਦੇ ਪੁੱਤਰ ਦੇ ਦਿਹਾਂਤ ਨਾਲ ਚੇਅਰਮੈਨ ਕੁਲਵੰਤ ਸਿੱਧੂ ਨੂੰ ਸਦਮਾ
Publish Date: Fri, 23 Oct 2026 05:41 PM (IST)
Updated Date: Sat, 24 Oct 2026 04:01 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਮਾਤਾ ਸੁੰਦਰੀ ਗਰੁੱਪ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਮਾਸੀ ਦੇ ਪੁੱਤਰ ਅਤੇ ਸੇਵਾਮੁਕਤ ਪ੍ਰਿੰਸੀਪਲ ਨਛੱਤਰ ਸਿੰਘ ਢੱਡੇ (82) ਦਾ ਅਕਾਲ ਚਲਾਣਾ ਹੋ ਗਿਆ। ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ ਅਤੇ ਸਨੇਹੀਆਂ ਵਿਚ ਸੋਗ ਦੀ ਲਹਿਰ ਫੈਲ ਗਈ। ਵਿਦੇਸ਼ ਵਿਚ ਹੋਣ ਅਤੇ ਵੀਜ਼ੇ ਦੀ ਸਮੱਸਿਆ ਕਾਰਨ ਕੁਲਵੰਤ ਸਿੰਘ ਸਿੱਧੂ ਆਪਣੇ ਮਾਸੀ ਦੇ ਪੁੱਤਰ ਦੇ ਅੰਤਿਮ ਦਰਸ਼ਨ ਨਹੀਂ ਕਰ ਸਕੇ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਪ੍ਰਿੰਸੀਪਲ ਨਛੱਤਰ ਸਿੰਘ ਉਨ੍ਹਾਂ ਲਈ ਵੱਡੇ ਭਰਾ ਵਾਂਗ ਸਨ ਅਤੇ ਹਰ ਦੁੱਖ-ਸੁੱਖ ਵਿਚ ਉਨ੍ਹਾਂ ਦਾ ਸਾਥ ਨਿਭਾਉਂਦੇ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਛੋੜਾ ਉਨ੍ਹਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਨਛੱਤਰ ਸਿੰਘ ਇਮਾਨਦਾਰ, ਮਿਹਨਤੀ ਅਤੇ ਲੋਕ ਸੇਵਾ ਨੂੰ ਸਮਰਪਿਤ ਸ਼ਖ਼ਸੀਅਤ ਸਨ। ਉਹ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਖ਼ਜ਼ਾਨਚੀ ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਚੁੱਕੇ ਸਨ। ਕਿਸਾਨਾਂ ਅਤੇ ਅਧਿਆਪਕਾਂ ਦੇ ਹੱਕਾਂ ਲਈ ਸੰਘਰਸ਼ ਕਰਦਿਆਂ ਉਨ੍ਹਾਂ ਨੇ ਜੇਲ੍ਹ ਵੀ ਕੱਟੀ। ਦਿੱਲੀ ਦੇ ਕਿਸਾਨ ਮੋਰਚੇ ਦੌਰਾਨ ਵੀ ਉਹ ਲੰਮਾ ਸਮਾਂ ਸੰਘਰਸ਼ ਵਿਚ ਡਟੇ ਰਹੇ। ਮਾਤਾ ਸੁੰਦਰੀ ਗਰੁੱਪ ਦੇ ਐੱਮਡੀ ਗੁਰਬਿੰਦਰ ਸਿੰਘ ਬੱਲੀ ਅਤੇ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਪਰਮਿੰਦਰ ਸਿੰਘ ਸਿੱਧੂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਨਛੱਤਰ ਸਿੰਘ ਨਿਮਰ, ਮਿਲਾਪੜੇ ਅਤੇ ਮਿੱਠ-ਬੋਲੇ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸੰਸਥਾ ਦੇ ਪ੍ਰਿੰਸੀਪਲ ਪ੍ਰੋ. ਰਾਜ ਸਿੰਘ ਬਾਘਾ ਨੇ ਕਿਹਾ ਕਿ ਨਛੱਤਰ ਸਿੰਘ ਉਨ੍ਹਾਂ ਦੇ ਅਧਿਆਪਕ ਰਹੇ ਸਨ ਅਤੇ ਉਨ੍ਹਾਂ ਕੋਲੋਂ ਸਿੱਖਿਆ ਹਾਸਲ ਕਰਕੇ ਅਨੇਕਾਂ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿਚ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਵਿਛੜੀ ਰੂਹ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ। ਇਸ ਮੌਕੇ ਮਾਤਾ ਸੁੰਦਰੀ ਗਰੁੱਪ ਦੀ ਡਾਇਰੈਕਟਰ ਸਿੰਬਲਜੀਤ ਕੌਰ, ਖ਼ਜ਼ਾਨਚੀ ਪ੍ਰਸ਼ੋਤਮ ਕੌਰ, ਪ੍ਰਿੰਸੀਪਲ ਕੰਵਰਦੀਪ ਸਿੰਘ ਗਿੱਲ, ਸਮੂਹ ਸਟਾਫ਼ ਅਤੇ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।