16 ਨਵੰਬਰ ਤੋਂ ਲੋਕ ਖੁਦ ਆਨਲਾਈਨ ਭਰ ਸਕਣਗੇ ਆਪਣਾ ਡਾਟਾ ਜਨਗਣਨਾ-2027: 16 ਨਵੰਬਰ ਤੋਂ ਲੋਕ ਖੁਦ ਆਨਲਾਈਨ ਭਰ ਸਕਣਗੇ ਆਪਣਾ ਡਾਟਾ
Publish Date: Fri, 30 Oct 2026 05:36 PM (IST)
Updated Date: Sat, 31 Oct 2026 04:02 AM (IST)
30 ਨਵੰਬਰ ਤੱਕ ਸਵੈ-ਗਣਨਾ ਦੀ ਸਹੂਲਤ, 1 ਦਸੰਬਰ ਤੋਂ ਘਰ-ਘਰ ਜਾਣਗੇ ਗਿਣਤੀਕਾਰ ਬਠਿੰਡਾ ਜ਼ਿਲ੍ਹੇ ਵਿਚ 2258 ਕਰਮਚਾਰੀ ਤਾਇਨਾਤ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਜਨਗਣਨਾ-2027 ਤਹਿਤ ਪੰਜਾਬ ਵਿਚ ਆਬਾਦੀ ਦੀ ਗਣਨਾ ਦਾ ਦੂਜਾ ਪੜਾਅ 16 ਨਵੰਬਰ 2026 ਤੋਂ ਸ਼ੁਰੂ ਹੋਵੇਗਾ। ਇਸ ਤਹਿਤ ਲੋਕ 16 ਤੋਂ 30 ਨਵੰਬਰ ਤੱਕ ਆਨਲਾਈਨ ਸਵੈ-ਗਣਨਾ ਰਾਹੀਂ ਆਪਣਾ ਡਾਟਾ ਖੁਦ ਭਰ ਸਕਣਗੇ। ਇਸ ਸਬੰਧੀ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਲਿੰਕ se.census.gov.in 16 ਨਵੰਬਰ ਤੋਂ ਸਰਗਰਮ ਹੋ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸੈਂਸਜ਼ ਸਬੰਧੀ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਨੋਡਲ ਅਫਸਰਾਂ ਨਾਲ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਗਿਣਤੀਕਾਰ ਘਰ-ਘਰ ਜਾ ਕੇ ਆਬਾਦੀ ਦੀ ਗਣਨਾ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਜ਼ਿਲ੍ਹੇ ਵਿਚ ਕੁੱਲ 2258 ਸਰਕਾਰੀ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿਚ 1950 ਗਿਣਤੀਕਾਰ ਅਤੇ 308 ਸੁਪਰਵਾਈਜ਼ਰ ਸ਼ਾਮਲ ਹਨ। ਇਨ੍ਹਾਂ ਦੀ ਸਿਖਲਾਈ ਲੱਗਭਗ ਮੁਕੰਮਲ ਹੋ ਚੁੱਕੀ ਹੈ। ਇਸ ਤੋਂ ਇਲਾਵਾ 56 ਫੀਲਡ ਟ੍ਰੇਨਰ ਲੋਕਾਂ ਨੂੰ ਜਨਗਣਨਾ ਬਾਰੇ ਜਾਗਰੂਕ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਆਪਣੇ ਦਫ਼ਤਰਾਂ ਦੇ ਬਾਹਰ ਹੈਲਪ ਡੈਸਕ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਸਵੈ-ਗਣਨਾ ਵਿਚ ਸਹਾਇਤਾ ਮਿਲ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 1 ਦਸੰਬਰ ਤੋਂ ਘਰ ਆਉਣ ਵਾਲੇ ਅਧਿਕਾਰਤ ਗਿਣਤੀਕਾਰਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਪੁੱਛੇ ਜਾਣ ਵਾਲੇ 40 ਸਵਾਲਾਂ ਦੇ ਸਹੀ ਜਵਾਬ ਦੇਣ। ਬਾਕਸ ਜਨਗਣਨਾ ਲਈ ਜ਼ਿਲ੍ਹੇ ਨੂੰ 24 ਚਾਰਜਾਂ ’ਚ ਵੰਡਿਆ ਡਿਪਟੀ ਕਮਿਸ਼ਨਰ ਅਨੁਸਾਰ ਜਨਗਣਨਾ ਦੇ ਕੰਮ ਨੂੰ ਸੁਚਾਰੂ ਬਣਾਉਣ ਲਈ ਜ਼ਿਲ੍ਹੇ ਨੂੰ 24 ਚਾਰਜਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਵਿਚ ਚਾਰ ਤਹਿਸੀਲਾਂ, ਵੱਖ-ਵੱਖ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਤੋਂ ਇਲਾਵਾ ਨਗਰ ਨਿਗਮ ਬਠਿੰਡਾ ਦੇ ਚਾਰ ਚਾਰਜ ਸ਼ਾਮਲ ਹਨ।