ਬਠਿੰਡਾ ਕੈਂਟ ਵਿਖੇ ਰੋਬੋਟਿਕਸ ਵਿਸ਼ੇ ’ਤੇ ਕਰੀਅਰ ਕੌਂਸਲਿੰਗ ਸੈਮੀਨਾਰ ਕਰਵਾਇਆ ਬਠਿੰਡਾ ਕੈਂਟ ਵਿਖੇ ਰੋਬੋਟਿਕਸ ਵਿਸ਼ੇ ’ਤੇ ਕਰੀਅਰ ਕਾਊਂਸਲਿੰਗ ਸੈਮੀਨਾਰ ਕਰਵਾਇਆ
Publish Date: Tue, 27 Oct 2026 04:58 PM (IST)
Updated Date: Tue, 27 Oct 2026 05:01 PM (IST)
ਸੀਨੀਅਰ ਰਿਪੋਰਟਰ ਬਠਿੰਡਾ, ਪੀਐਮ ਸ਼੍ਰੀ ਕੇਂਦਰੀ ਵਿਦਿਆਲਿਆ ਨੰਬਰ 4 ਬਠਿੰਡਾ ਕੈਂਟ ਵਿਖੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਤੇ ਕਰੀਅਰ ਮਾਰਗਦਰਸ਼ਨ ਦੇ ਉਦੇਸ਼ ਨਾਲ ਰੋਬੋਟਿਕਸ ਵਿਸ਼ੇ ’ਤੇ ਕਰੀਅਰ ਕੌਂਸਲਿੰਗ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ), ਫਗਵਾੜਾ ਤੋਂ ਵਰੁਣ ਨੈਯਰ ਅਤੇ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ, ਬਠਿੰਡਾ ਦੇ ਕਰੀਅਰ ਕੌਂਸਲਰ ਵਿਸ਼ਾਲ ਚਾਵਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਸੈਮੀਨਾਰ ਵਿਚ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਮਾਹਿਰਾਂ ਨੇ ਵਿਦਿਆਰਥੀਆਂ ਨੂੰ ਰੋਬੋਟਿਕਸ ਦੇ ਖੇਤਰ ਵਿਚ ਉਪਲਬਧ ਕਰੀਅਰ ਦੇ ਮੌਕਿਆਂ, ਆਧੁਨਿਕ ਤਕਨਾਲੋਜੀ ਦੀ ਮਹੱਤਤਾ ਅਤੇ ਇਸ ਖੇਤਰ ਵਿਚ ਸਿੱਖਿਆ ਤੇ ਹੁਨਰ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਰੋਬੋਟਿਕਸ ਵਰਗੇ ਤਕਨੀਕੀ ਖੇਤਰ ਵਿਚ ਕਰੀਅਰ ਬਣਾਉਣ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਵਿਦਿਆਰਥੀਆਂ ਨੂੰ ਆਪਣੀ ਰੁਚੀ, ਯੋਗਤਾ ਅਤੇ ਸਮਰੱਥਾ ਦੇ ਆਧਾਰ ’ਤੇ ਸਹੀ ਕਰੀਅਰ ਦੀ ਚੋਣ ਕਰਨੀ ਚਾਹੀਦੀ ਹੈ। ਮਾਹਿਰਾਂ ਨੇ ਉਨ੍ਹਾਂ ਨੂੰ ਨਵੀਆਂ ਤਕਨੀਕਾਂ ਸਿੱਖਣ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਰਹਿਣ ਵਾਸਤੇ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਵੱਲੋਂ ਦੋਵਾਂ ਮਾਹਿਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਦੇਣ ਲਈ ਮਾਹਿਰਾਂ ਦਾ ਧੰਨਵਾਦ ਕੀਤਾ।