ਟੇਲਾਂ ਵਾਲੇ ਪਿੰਡਾਂ ਦੇ ਖੇਤਾਂ ਤੱਕ ਪੁੱਜਾ ਨਹਿਰੀ ਪਾਣੀ, ਕਿਸਾਨਾਂ ਦਾ 40 ਸਾਲ ਪੁਰਾਣਾ ਸੁਪਨਾ ਹੋਇਆ ਸਾਕਾਰ ਟੇਲਾਂ ਵਾਲੇ ਪਿੰਡਾਂ ਦੇ ਖੇਤਾਂ ਤੱਕ ਪੁੱਜਿਆ ਨਹਿਰੀ ਪਾਣੀ, ਕਿਸਾਨਾਂ ਦਾ 40 ਸਾਲ ਪੁਰਾਣਾ ਸੁਪਨਾ ਹੋਇਆ ਸਾਕਾਰ
Publish Date: Thu, 20 Aug 2026 07:34 PM (IST)
Updated Date: Fri, 21 Aug 2026 04:07 AM (IST)
* ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਨਹਿਰੀ ਖਾਲਾਂ ਦਾ ਉਦਘਾਟਨ * ਸੂਬਾ ਸਰਕਾਰ ਨੇ ਕਿਸਾਨਾਂ ਦੇ ਹਰ ਖੇਤ ’ਚ ਪਹੁੰਚਾਇਆ ਨਹਿਰੀ ਪਾਣੀ * 17 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਲੋਕ ਅਰਪਿਤ ਫੋਟੋ : 42, 43 ਕੇਪਸ਼ਨ : ਪਿੰਡ ਜੀਵਨ ਸਿੰਘ ਵਾਲਾ ਵਿਖੇ ਸਮਾਗਮ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ। ਕੈਪਸ਼ਨ :ਪਿੰਡ ਬਾਘਾ ਵਿਖੇ ਨਹਿਰੀ ਪਾਣੀ ਦੇ ਪ੍ਰੋਜੈਕਟ ਦਾ ਉਦਘਾਟਨ ਕਰਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਹਾਜ਼ਰ ਪਤਵੰਤੇ। ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ/ ਰਾਮਾ ਮੰਡੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮਾਲਵਾ ਖੇਤਰ ਦੇ ਤਲਵੰਡੀ ਸਾਬੋ ਹਲਕੇ ਦੇ ਟੇਲ ਏਂਡ ਪਿੰਡਾਂ ਦੇ ਖੇਤਾਂ ਤੱਕ ਵੀ ਨਹਿਰੀ ਪਾਣੀ ਪਹੁੰਚ ਗਿਆ ਹੈ। ਇਸ ਨਾਲ ਪਿਛਲੇ ਕਰੀਬ 40 ਸਾਲਾਂ ਤੋਂ ਸਿੰਜਾਈ ਲਈ ਪਾਣੀ ਦੀ ਘਾਟ ਨਾਲ ਜੂਝ ਰਹੇ ਕਿਸਾਨਾਂ ਦਾ ਸੁਪਨਾ ਸਾਕਾਰ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਲ ਸਰੋਤ ਮੰਤਰੀ ਪੰਜਾਬ ਬਰਿੰਦਰ ਕੁਮਾਰ ਗੋਇਲ ਨੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅਧੀਨ ਪੈਂਦੇ ਪਿੰਡ ਬਾਘਾ ਅਤੇ ਜੀਵਨ ਸਿੰਘ ਵਾਲਾ ਵਿਖੇ ਨਹਿਰੀ ਪਾਣੀ ਨਾਲ ਸਬੰਧਤ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਤੇ ਪਾਰਟੀ ਚੀਫ ਵਿੱਪ ਕੈਬਿਨੇਟ ਰੈਂਕ ਪ੍ਰੋ. ਬਲਜਿੰਦਰ ਕੌਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਪਿੰਡ ਬਾਘਾ ਵਿਖੇ ਗੋਇਲ ਨੇ ਬੰਗੀ ਰਜਬਾਹਾ ਅਤੇ ਹੋਰ ਮੋਘਿਆਂ ਨਾਲ ਸਬੰਧਤ 10.78 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣਾਏ ਗਏ ਨਹਿਰੀ ਖਾਲਾਂ ਦਾ ਉਦਘਾਟਨ ਕੀਤਾ। ਇਨ੍ਹਾਂ ਖਾਲਾਂ ਰਾਹੀਂ ਕਰੀਬ 3500 ਏਕੜ ਖੇਤੀਬਾੜੀ ਰਕਬੇ ਨੂੰ ਸਿੰਜਾਈ ਲਈ ਨਹਿਰੀ ਪਾਣੀ ਉਪਲਬਧ ਹੋਵੇਗਾ। ਇਸੇ ਤਰ੍ਹਾਂ ਪਿੰਡ ਜੀਵਨ ਸਿੰਘ ਵਾਲਾ ਵਿਖੇ 13 ਕਿਲੋਮੀਟਰ ਲੰਬੇ ਖਾਲ ਅਤੇ ਇਸ ਦੀ ਲਾਈਨਿੰਗ ਦੇ 6.50 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੈਬਿਨੇਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਕਿਸਾਨਾਂ ਨੂੰ ਟਿਊਬਵੈਲਾਂ ਲਈ ਲੋੜੀਂਦੀ ਬਿਜਲੀ ਨਾ ਮਿਲਣ ਕਾਰਨ ਰਾਤਾਂ ਖੇਤਾਂ ਵਿੱਚ ਬਿਤਾਉਣੀਆਂ ਪੈਂਦੀਆਂ ਸਨ, ਪਰ ਹੁਣ ਕਿਸਾਨਾਂ ਦੀਆਂ ਮੋਟਰਾਂ ਲਈ ਦਿਨ ਸਮੇਂ ਪੂਰੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਨਾਲ ਕਿਸਾਨ ਰਾਤ ਸਮੇਂ ਆਪਣੇ ਘਰਾਂ ਵਿੱਚ ਆਰਾਮ ਦੀ ਨੀਂਦ ਸੌਂ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਹਿਰੀ ਪਾਣੀ ਦੀ ਵਰਤੋਂ ਹੁਣ 82 ਫੀਸਦੀ ਤੱਕ ਪਹੁੰਚ ਚੁੱਕੀ ਹੈ ਅਤੇ ਬਾਕੀ ਰਹਿੰਦੇ 18 ਫੀਸਦੀ ਰਕਬੇ ਨੂੰ ਵੀ ਜਲਦ ਨਹਿਰੀ ਸਿੰਜਾਈ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਨਹਿਰੀ ਪਾਣੀ ਦੀ ਵਰਤੋਂ ਨਾਲ ਜਿੱਥੇ ਧਰਤੀ ਦੀ ਸਿਹਤ ਵਿੱਚ ਸੁਧਾਰ ਹੋਵੇਗਾ, ਉੱਥੇ ਫਸਲਾਂ ਦੀ ਪੈਦਾਵਾਰ ਵਧਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋਵੇਗੀ। ਟਿਊਬਵੈਲਾਂ ਰਾਹੀਂ ਧਰਤੀ ਹੇਠੋਂ ਪਾਣੀ ਕੱਢਣ ਦੀ ਮਾਤਰਾ ਘਟਣ ਨਾਲ ਭੂ-ਜਲ ਪੱਧਰ ਨੂੰ ਉੱਪਰ ਲਿਆਉਣ ਵਿਚ ਵੀ ਮਦਦ ਮਿਲੇਗੀ। ਗੋਇਲ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਹਿਰਾਂ ਅਤੇ ਖਾਲਾਂ ਦੀ ਨਿਯਮਤ ਸਫ਼ਾਈ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੱਚੇ ਖਾਲਾਂ ਰਾਹੀਂ ਪਾਣੀ ਦੀ ਕਾਫ਼ੀ ਬਰਬਾਦੀ ਹੁੰਦੀ ਸੀ ਅਤੇ ਇਹ ਜਲਦੀ ਟੁੱਟ ਵੀ ਜਾਂਦੇ ਸਨ। ਹੁਣ ਬਣਾਏ ਜਾ ਰਹੇ ਪੱਕੇ ਖਾਲ ਪਾਣੀ ਦੀ ਬਰਬਾਦੀ ਰੋਕਣ ਦੇ ਨਾਲ-ਨਾਲ ਖੇਤਾਂ ਤੱਕ ਪਾਣੀ ਦੀ ਸੁਚੱਜੀ ਪਹੁੰਚ ਯਕੀਨੀ ਬਣਾਉਣ ਵਿੱਚ ਸਹਾਈ ਸਿੱਧ ਹੋਣਗੇ। ਉਨ੍ਹਾਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸੰਜਮ ਅਤੇ ਸੂਝਵਾਨ ਢੰਗ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਨੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਉਨ੍ਹਾਂ ਦੇ ਹੱਲ ਲਈ ਠੋਸ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਟੇਲਾਂ ’ਤੇ ਪਾਣੀ ਪਹੁੰਚਾਉਣਾ ਕਿਸਾਨਾਂ ਲਈ ਵੱਡੀ ਰਾਹਤ ਹੈ। ਸਮਾਗਮ ਦੌਰਾਨ ਚੌਧਰੀ ਜਸਵਿੰਦਰ ਕੌਰ, ਸਰਪੰਚ ਜਗਰਾਮ ਤੀਰਥ, ਪੰਜਾਬ ਮਹਿਲਾ ਕਮਿਸ਼ਨ ਦੀ ਮੈਂਬਰ, ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਵੀਰਪਾਲ ਕੌਰ, ਦੋਵਾਂ ਪਿੰਡਾਂ ਦੀਆਂ ਪੰਚਾਇਤਾਂ, ਵੱਖ-ਵੱਖ ਅਹੁਦੇਦਾਰ, ਪਿੰਡ ਵਾਸੀ ਤੇ ਹੋਰ ਪਤਵੰਤੇ ਹਾਜ਼ਰ ਸਨ।