ਬਠਿੰਡਾ ਦਿਹਾਤੀ ’ਚ ਨਹਿਰੀ ਸਿੰਚਾਈ ਨੂੰ ਮਿਲੀ ਵੱਡੀ ਮਜ਼ਬੂਤੀ ਬਠਿੰਡਾ ਦਿਹਾਤੀ ’ਚ ਨਹਿਰੀ ਸਿੰਚਾਈ ਨੂੰ ਮਿਲੀ ਵੱਡੀ ਮਜ਼ਬੂਤੀ
Publish Date: Wed, 19 Aug 2026 05:01 PM (IST)
Updated Date: Wed, 19 Aug 2026 05:03 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟ ਫੱਤਾ ਜਲ ਸਰੋਤ ਮੰਤਰੀ ਪੰਜਾਬ ਬਰਿੰਦਰ ਕੁਮਾਰ ਗੋਇਲ ਵੱਲੋਂ ਬੀਤੇ ਦਿਨ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਕੋਟ ਸ਼ਮੀਰ ਵਿਖੇ ਕਰੀਬ 36.26 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਨਹਿਰੀ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਕਿਸਾਨਾਂ ਨੂੰ ਨਹਿਰੀ ਸਿੰਚਾਈ ਦੀ ਬਿਹਤਰ ਸਹੂਲਤ ਮਿਲਣ ਦੇ ਨਾਲ-ਨਾਲ ਵੱਡੀ ਮਾਤਰਾ ਵਿਚ ਨਹਿਰੀ ਪਾਣੀ ਦੀ ਬੱਚਤ ਹੋਣ ਦੀ ਉਮੀਦ ਹੈ। ਇਸ ਮੌਕੇ ਰਾਮਪੁਰਾ ਫੂਲ ਤੋਂ ਸ਼ੁਰੂ ਹੋ ਕੇ ਕਰੀਬ 17 ਪਿੰਡਾਂ ਵਿਚੋਂ ਲੰਘਦੇ ਫੂਲ ਰਜਬਾਹੇ ਨੂੰ ਕੰਕਰੀਟ ਨਾਲ ਪੱਕਾ ਕਰਨ ਦੇ ਕੰਮ ਨੂੰ ਤਰਜੀਹ ਦਿੱਤੀ ਗਈ ਹੈ। ਕਰੀਬ 30 ਕਿਲੋਮੀਟਰ ਲੰਬੇ ਇਸ ਰਜਵਾਹੇ ਨੂੰ ਪੱਕਾ ਕਰਨ ਨਾਲ ਨਹਿਰੀ ਪਾਣੀ ਦੇ ਰਸਤੇ ਵਿਚ ਹੋਣ ਵਾਲੀ ਬਰਬਾਦੀ ਨੂੰ ਘਟਾਉਣ ਵਿਚ ਮਦਦ ਮਿਲੇਗੀ। ਇਸ ਦੇ ਨਾਲ ਹੀ ਰਜਵਾਹੇ ਨਾਲ ਜੁੜੇ ਸਬ-ਰਜਵਾਹਿਆਂ ਅਤੇ ਖਾਲਿਆਂ ਦੇ ਪੁਨਰ ਨਿਰਮਾਣ ਦੇ ਕੰਮ ਵੀ ਕਰਵਾਏ ਜਾ ਰਹੇ ਹਨ। ਇਸੇ ਤਹਿਤ ਕਟਾਰ ਸਿੰਘ ਵਾਲਾ ਸਬ-ਮਾਈਨਰ ਦੀ ਟੇਲ ਤੱਕ 2.02 ਕਿਲੋਮੀਟਰ ਹਿੱਸੇ ਨੂੰ 45 ਲੱਖ ਰੁਪਏ ਦੀ ਲਾਗਤ ਨਾਲ ਕੰਕਰੀਟ ਪਾ ਕੇ ਪੱਕਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੂਲ ਰਜਬਾਹੇ ਅਧੀਨ ਆਉਂਦੇ ਕਟਾਰ ਸਿੰਘ ਵਾਲਾ, ਗਹਿਰੀ ਭਾਗੀ ਤੇ ਸ਼ੇਰਗੜ੍ਹ ਸਬ-ਰਜਵਾਹਿਆਂ ਸਮੇਤ ਕਰੀਬ 21.35 ਕਿਲੋਮੀਟਰ ਲੰਬੇ ਖਸਤਾ ਹਾਲ ਹੋ ਚੁੱਕੇ ਖਾਲਿਆਂ ਦੀ ਮੁੜ ਉਸਾਰੀ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਪ੍ਰੋਜੈਕਟਾਂ ਦਾ ਸਿੱਧਾ ਲਾਭ ਕੋਟ ਸ਼ਮੀਰ, ਗਹਿਰੀ ਭਾਗੀ, ਕਟਾਰ ਸਿੰਘ ਵਾਲਾ, ਜੱਸੀ ਪੌ ਵਾਲੀ ਤੇ ਨੇੜਲੇ ਹੋਰ ਪਿੰਡਾਂ ਦੇ ਕਿਸਾਨਾਂ ਨੂੰ ਮਿਲੇਗਾ। ਨਹਿਰੀ ਕਾਰਜ ਮੁਕੰਮਲ ਹੋਣ ਉਪਰੰਤ ਕਰੀਬ 9,513 ਏਕੜ ਵਾਧੂ ਰਕਬੇ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੀ ਸਮਰੱਥਾ ਪੈਦਾ ਹੋਵੇਗੀ। ਨਹਿਰਾਂ ਅਤੇ ਖਾਲਿਆਂ ਨੂੰ ਪੱਕਾ ਕਰਨ ਨਾਲ ਖੇਤਾਂ ਤੱਕ ਪਾਣੀ ਦੀ ਸੁਚੱਜੀ ਪਹੁੰਚ ਯਕੀਨੀ ਹੋਵੇਗੀ ਤੇ ਪਾਣੀ ਦੀ ਬਰਬਾਦੀ ਵੀ ਘਟੇਗੀ। ਉਦਘਾਟਨ ਉਪਰੰਤ ਰਮਨ ਪੈਲੇਸ ਕੋਟ ਸ਼ਮੀਰ ਵਿਖੇ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ ਗੋਪਾਲ ਸਿੰਘ ਕੋਟ ਫੱਤਾ ਦੀ ਪ੍ਰਧਾਨਗੀ ਹੇਠ ਕਿਸਾਨ ਮਿਲਣੀ ਕਰਵਾਈ ਗਈ। ਇਸ ਮੌਕੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਸਕੱਤਰ ਤੇ ਚੇਅਰਮੈਨ ਪਰਮਜੀਤ ਸਿੰਘ ਕੋਟ ਫੱਤਾ ਨੇ ਕਿਹਾ ਕਿ ਨਹਿਰੀ ਪ੍ਰੋਜੈਕਟਾਂ ਨੂੰ ਕੰਕਰੀਟ ਨਾਲ ਪੱਕਾ ਕਰਨ ਨਾਲ ਪਾਣੀ ਦੀ ਬੱਚਤ ਹੋਵੇਗੀ ਤੇ ਹੋਰ ਰਕਬਾ ਸਿੰਚਾਈ ਅਧੀਨ ਆਵੇਗਾ। ਉਨ੍ਹਾਂ ਕਿਹਾ ਕਿ ਕੋਟ ਸ਼ਮੀਰ ਅਤੇ ਬਠਿੰਡਾ ਦਿਹਾਤੀ ਹਲਕੇ ਨਾਲ ਲੱਗਦੇ ਪਿੰਡਾਂ ਵਿੱਚ ਖਸਤਾ ਹਾਲ ਖਾਲਿਆਂ ਦੀ ਮੁਰੰਮਤ ਅਤੇ ਮੁੜ ਉਸਾਰੀ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ। ਇਸ ਮੌਕੇ ਟੇਕ ਸਿੰਘ ਚਹਿਲ, ਲੱਖਪ੍ਰੀਤ ਸਿੰਘ ਬਰਾੜ, ਗੁਲਾਬਗੜ੍ਹ ਦੇ ਸਰਪੰਚ, ਸਾਬਕਾ ਸਰਪੰਚ ਭੋਲਾ ਸਿੰਘ, ਸੁਖਜੀਤ ਸਿੰਘ ਨੰਬਰਦਾਰ ਜੱਸੀ ਪੌ ਵਾਲੀ, ਜਰਨੈਲ ਸਿੰਘ ਕੋਟ ਫੱਤਾ, ਸਿਮਰਜੀਤ ਕੌਰ ਕੋਟ ਫੱਤਾ, ਮਨਪ੍ਰੀਤ ਸਿੰਘ ਮਨੀ ਕੋਟ ਸ਼ਮੀਰ, ਗੋਰਾ ਸਿੰਘ ਕੱਬੇ, ਹਰਜੀਤ ਸਿੰਘ ਚਹਿਲ, ਲਖਵਿੰਦਰ ਸਿੰਘ ਕੇਰੇਵਾਲਾ, ਦਲਬੀਰ ਸਿੰਘ ਪੱਪੀ, ਜਗਰੂਪ ਸਿੰਘ ਗਿੱਲ, ਹਰਪ੍ਰੀਤ ਸਿੰਘ, ਪੰਚਾਇਤ ਮੈਂਬਰ ਸੰਦੀਪ ਸਿੰਘ ਕਟਾਰ ਸਿੰਘ ਵਾਲਾ ਸਮੇਤ ਸਿੰਚਾਈ ਵਿਭਾਗ ਦੇ ਅਧਿਕਾਰੀ ਅਤੇ ਹੋਰ ਵਰਕਰ ਹਾਜ਼ਰ ਸਨ।