ਅੱਖਾਂ ਦੀ ਜਾਂਚ ਅਤੇ ਮੁਫ਼ਤ ਐਨਕਾਂ ਵੰਡਣ ਲਈ ਕੈਂਪ ਲਾਇਆ ਅੱਖਾਂ ਦੀ ਜਾਂਚ ਅਤੇ ਮੁਫ਼ਤ ਐਨਕਾਂ ਵੰਡਣ ਲਈ ਕੈਂਪ ਲਾਇਆ
Publish Date: Fri, 24 Jul 2026 05:57 PM (IST)
Updated Date: Sat, 25 Jul 2026 04:02 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੀਮਾ ਗੁਪਤਾ ਦੀ ਅਗਵਾਈ ਹੇਠ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਇੰਡਨੈੱਸ ਐਂਡ ਵਿਜ਼ੂਅਲ ਇੰਪੇਅਰਮੈਂਟ (ਐਨਪੀਸੀਬੀ) ਤਹਿਤ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਭਗਤਾ ਭਾਈਕਾ ਵਿਖੇ ਅੱਖਾਂ ਦੀ ਸਕਰੀਨਿੰਗ ਅਤੇ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ, ਖਾਸ ਕਰਕੇ ਬਜ਼ੁਰਗਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਐਨਕਾਂ ਵੀ ਵੰਡੀਆਂ ਗਈਆਂ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ ਸੀਮਾ ਗੁਪਤਾ ਨੇ ਦੱਸਿਆ ਕਿ ਐਨਪੀਸੀਬੀ ਪ੍ਰੋਗਰਾਮ ਦਾ ਮੁੱਖ ਉਦੇਸ਼ ਅੰਨ੍ਹੇਪਣ ਦੀ ਰੋਕਥਾਮ ਕਰਨਾ ਅਤੇ ਲੋਕਾਂ ਨੂੰ ਸਮੇਂ ਸਿਰ ਅੱਖਾਂ ਨਾਲ ਸਬੰਧਤ ਬਿਮਾਰੀਆਂ ਦੀ ਪਛਾਣ ਅਤੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਨਿਯਮਿਤ ਅੱਖਾਂ ਦੀ ਜਾਂਚ ਕਰਵਾਉਣ ਨਾਲ ਮੋਤੀਆਬਿੰਦ, ਨਜ਼ਰ ਦੀ ਕਮਜ਼ੋਰੀ ਅਤੇ ਹੋਰ ਅੱਖਾਂ ਦੀਆਂ ਬਿਮਾਰੀਆਂ ਦਾ ਸਮੇਂ ਸਿਰ ਇਲਾਜ ਸੰਭਵ ਹੈ। ਅੱਖਾਂ ਦੇ ਮਾਹਿਰ ਡਾ. ਡਿੰਪੀ ਕੱਕੜ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿਚ ਸਮੇਂ-ਸਮੇਂ ਤੇ ਅਜਿਹੇ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਦੂਰ-ਦੁਰਾਡੇ ਇਲਾਕਿਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਹੀ ਮਿਆਰੀ ਅੱਖਾਂ ਦੀ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਮਿਲ ਸਕਣ। ਕੈਂਪ ਦੌਰਾਨ ਜਿਨ੍ਹਾਂ ਮਰੀਜ਼ਾਂ ਵਿਚ ਮੋਤੀਆਬਿੰਦ ਜਾਂ ਹੋਰ ਗੰਭੀਰ ਅੱਖਾਂ ਦੀ ਸਮੱਸਿਆ ਪਾਈ ਗਈ, ਉਨ੍ਹਾਂ ਦਾ ਅਗਲਾ ਇਲਾਜ ਤੇ ਮੁਫ਼ਤ ਆਪ੍ਰੇਸ਼ਨ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਨਜ਼ਰ ਧੁੰਦਲੀ ਹੋਵੇ, ਅੱਖਾਂ ਵਿਚ ਦਰਦ, ਲਾਲੀ ਜਾਂ ਹੋਰ ਕੋਈ ਸਮੱਸਿਆ ਮਹਿਸੂਸ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਤੁਰੰਤ ਸਰਕਾਰੀ ਸਿਹਤ ਸੰਸਥਾ ਵਿਚ ਅੱਖਾਂ ਦੀ ਜਾਂਚ ਕਰਵਾਈ ਜਾਵੇ, ਤਾਂ ਜੋ ਅੰਨ੍ਹੇਪਣ ਤੋਂ ਬਚਾਅ ਕੀਤਾ ਜਾ ਸਕੇ। ਕੈਂਪ ਦੌਰਾਨ ਡਾਕਟਰਾਂ, ਪੈਰਾਮੈਡੀਕਲ ਸਟਾਫ਼ ਅਤੇ ਐੱਨਪੀਸੀਬੀ ਪ੍ਰੋਗਰਾਮ ਦੀ ਟੀਮ ਵੱਲੋਂ ਆਏ ਹੋਏ ਲੋਕਾਂ ਨੂੰ ਅੱਖਾਂ ਦੀ ਸੰਭਾਲ, ਸੰਤੁਲਿਤ ਖੁਰਾਕ ਅਤੇ ਸਮੇਂ-ਸਮੇਂ ਤੇ ਅੱਖਾਂ ਦੀ ਜਾਂਚ ਕਰਵਾਉਣ ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਕਰਮਜੀਤ ਕੌਰ, ਅਪਥਾਲਮਿਕ ਅਫ਼ਸਰ ਕ੍ਰਿਸ਼ਨਾ ਅਡਵਾਲ, ਨਰਸਿੰਗ ਸਿਸਟਰ ਕਰਮਜੀਤ ਕੌਰ ਅਤੇ ਰੇਸ਼ਮ ਸਿੰਘ ਹਾਜਰ ਸਨ।