ਬੂਟਾ ਸਿੰਘ ਜਲਾਲ ਮਾਰਕੀਟ ਕਮੇਟੀ ਭਗਤਾ ਦੇ ਚੇਅਰਮੈਨ ਨਾਮਜ਼ਦ ਬੂਟਾ ਸਿੰਘ ਜਲਾਲ ਮਾਰਕਿਟ ਕਮੇਟੀ ਭਗਤਾ ਦੇ ਚੇਅਰਮੈਨ ਨਾਮਜਦ
Publish Date: Wed, 28 Oct 2026 04:12 PM (IST)
Updated Date: Wed, 28 Oct 2026 04:13 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਆਮ ਆਦਮੀ ਪਾਰਟੀ ਵੱਲੋਂ ਇਸੇ ਸਾਲ ਦੇ ਅਗਸਤ ਮਹੀਨੇ ਵਿਚ ਵੱਖ ਵੱਖ ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨਾਂ ਦੀ ਸੂਚੀ ਐਲਾਨੀ ਗਈ ਹੈ, ਜਿਸ ਵਿਚ ਟਕਸਾਲੀ ਆਪ ਆਗੂ ਬੂਟਾ ਸਿੰਘ ਜਲਾਲ ਨੂੰ ਮਾਰਕੀਟ ਕਮੇਟੀ ਭਗਤਾ ਭਾਈ ਦਾ ਚੇਅਰਮੈਨ ਨਿਯੁਕਤ ਕਰਨ ਦੀ ਸੂਚੀ ਜਾਰੀ ਕੀਤੀ ਗਈ ਸੀ। ਇਸ ਨਿਯੁਕਤੀ ਉਪਰੰਤ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਅਤੀ ਕਰੀਬੀ ਸਾਥੀ ਤੇ ਪਹਿਲੇ ਚੇਅਰਮੈਨ ਬੇਅੰਤ ਸਿੰਘ ਸਲਾਬਤਪੁਰਾ ਨੇ ਨਿਯੁਕਤੀ ਦੇ ਵਿਰੋਧ ਵਿਚ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ, ਜਿਸ ਕਰਕੇ ਬੂਟਾ ਸਿੰਘ ਜਲਾਲ ਦੀ ਨਿਯੁਕਤੀ ਸਬੰਧੀ ਹੋਣ ਵਾਲਾ ਨੋਟੀਫਿਕੇਸ਼ਨ ਰੁਕ ਗਿਆ ਤੇ ਮੁੜ ਬੇਅੰਤ ਸਿੰਘ ਸਲਾਬਤਪੁਰਾ ਨੇ ਚੇਅਰਮੈਨ ਵਾਲੀ ਕੁਰਸੀ ਸੰਭਾਲ ਲਈ ਅਤੇ ਹਲਕਾ ਵਿਧਾਇਕ ਸਿੱਧੂ ਚੇਅਰਮੈਨ ਬੇਅੰਤ ਸਿੰਘ ਦੀ ਹਮਾਇਤ ਵਿਚ ਡੱਟ ਗਏ ਤੇ ਉਨ੍ਹਾਂ ਨੇ ਇਕ ਮੀਟਿੰਗ ਵਿਚ ਐਲਾਨ ਕਰ ਦਿੱਤਾ ਕਿ ਚੇਅਰਮੈਨ ਤਾਂ ਬੇਅੰਤ ਸਿੰਘ ਹੀ ਰਹਿਣਗੇ। ਪ੍ਰੰਤੂ ਹੁਣ ਪੰਜਾਬ ਸਰਕਾਰ ਨੇ ਬੇਅੰਤ ਸਿੰਘ ਸਲਾਬਤਪੁਰਾ ਦੀ ਥਾਂ ਬੂਟਾ ਸਿੰਘ ਜਲਾਲ ਨੂੰ ਮਾਰਕੀਟ ਕਮੇਟੀ ਭਗਤਾ ਦਾ ਚੇਅਰਮੈਨ ਨਾਮਜ਼ਦ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਜਿਸ ਤੋਂ ਬਾਅਦ ਜਿੱਥੇ ਬੂਟਾ ਸਿੰਘ ਜਲਾਲ ਦੇ ਸਮੱਰਥਕਾਂ ਵਿਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹਲਕਾ ਵਿਧਾਇਕ ਬਲਕਾਰ ਸਿੱਧੂ ਦੇ ਸਾਥੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਿਯੁਕਤੀ ਨੂੰ ਹਲਕਾ ਵਿਧਾਇਕ ਸਿੱਧੂ ਲਈ ਵੱਡਾ ਸਿਆਸੀ ਝਟਕਾ ਮੰਨੇ ਜਾਣ ਦੇ ਚਰਚੇ ਹੋ ਰਹੇ ਹਨ। ਜ਼ਿਕਰਯੋਗ ਹੈ ਬੂਟਾ ਸਿੰਘ ਜਲਾਲ ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਵਜੋਂ ਸਲਾਘਾਯੋਗ ਸੇਵਾਵਾਂ ਨਿਭਾ ਚੁੱਕੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਜਿੱਤ ਵਿਚ ਬੂਟਾ ਸਿੰਘ ਜਲਾਲ ਦਾ ਵੱਡਾ ਹੱਥ ਮੰਨਿਆ ਜਾਦਾ ਸੀ, ਪ੍ਰੰਤੂ ਵਿਧਾਇਕ ਬਣਨ ਤੋਂ ਬਾਅਦ ਬਲਕਾਰ ਸਿੱਧੂ ਦੇ ਬੂਟਾ ਸਿੰਘ ਜਲਾਲ ਨਾਲ ਕੁਝ ਸਿਆਸੀ ਮੱਤਭੇਦ ਹੋ ਗਏ ਸਨ। ਹਲਕੇ ਵਿਚ ਧੱਕੇਸਾਹੀ ਦੇ ਵਿਰੋਧ ਵਿਚ ਲੋਕਾਂ ਨਾਲ ਖੜ੍ਹਨ ਬਦਲੇ ਭਾਵੇਂ ਬੂਟਾ ਸਿੰਘ ਜਲਾਲ ਨੂੰ ਸਿਆਸੀ ਪਰਚਿਆ ਦਾ ਸਾਹਮਣਾ ਵੀ ਕਰਨਾ ਪਿਆ, ਪਰ ਉਹ ਫਿਰ ਆਮ ਆਦਮੀ ਪਾਰਟੀ ਨਾਲ ਚਟਾਨ ਵਾਂਗ ਖੜ੍ਹੇ ਰਹੇ। ਜਿਸ ਕਰਕੇ ਹੀ ਬੂਟਾ ਸਿੰਘ ਜਲਾਲ ਆਪ ਦੇ ਟਕਸਾਲੀ ਵਰਕਰਾਂ ਨਾਲ ਖੜਨ ਵਾਲੇ ਆਗੂ ਵਜੋ ਜਾਣੇ ਜਾਦੇ ਹਨ। ਇਸੇ ਕਰਕੇ ਹੀ ਬੂਟਾ ਸਿੰਘ ਜਲਾਲ ਦੀ ਨਿਯੁਕਤੀ ਨਾਲ ਆਪ ਦੇ ਟਕਸਾਲੀ ਵਰਕਰਾਂ ਵਿਚ ਖੁਸ਼ੀ ਦਾ ਮਾਹੋਲ ਹੈ। ਆਪ ਦੇ ਨੌਜਵਾਨ ਆਗੂ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਬੂਟਾ ਸਿੰਘ ਜਲਾਲ ਨੂੰ ਵਧਾਈ ਦਿੰਦੇ ਕਿਹਾ ਆਪ ਦੇ ਟਕਸਾਲੀ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਨੇ ਬੂਟਾ ਸਿੰਘ ਜਲਾਲ ਦੀ ਮਿਹਨਤ ਅਤੇ ਇਮਾਨਦਾਰੀ ਸ਼ਲਾਘਾ ਕਰਦੇ ਕਿਹਾ ਕਿ ਉਹ ਹਮੇਸ਼ਾ ਪਾਰਟੀ ਦੇ ਵਰਕਰਾਂ ਨਾਲ ਚਟਾਨ ਵਾਂਗ ਖੜ੍ਹੇ ਰਹੇ ਹਨ। ਇਸ ਮੌਕੇ ਚੇਅਰਮੈਨ ਮਾਨ ਨੇ ਦਾਅਵਾ ਕੀਤਾ ਕਿ ਆਪ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੂਬੇ ਦੇ ਲੋਕ ਬੇਹੱਦ ਖੁਸ਼ ਹਨ ਜਿਸ ਕਰਕੇ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਇਸੇ ਦੌਰਾਨ ਮਾਰਕੀਟ ਕਮੇਟੀ ਭਗਤਾ ਭਾਈ ਦੇ ਨਵ ਨਿਯੁਕਤ ਚੇਅਰਮੈਨ ਬੂਟਾ ਸਿੰਘ ਜਲਾਲ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੀਨੀਅਰ ਆਪ ਆਗੂ ਮੁਨੀਸ ਸਿਸੋਦੀਆ, ਆਪ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਆਪ ਦੀ ਹਲਕੇ ਵਿਚ ਹੋਰ ਮਜ਼ਬੂਤੀ ਲਈ ਮਿਹਨਤ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਸਿਰਫ਼ ਇਕ ਅਹੁਦਾ ਨਹੀਂ, ਸਗੋਂ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਇਕ ਵੱਡਾ ਮੌਕਾ ਹੈ ਜਿਸ ’ਤੇ ਖਰਾ ਉਤਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।